ਮੁੰਬਈ: ਰੌਇਲ ਚੈਲੰਜਰਜ਼ ਬੰਗਲੁਰੂ (ਆਰਸੀਬੀ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੁਕਾਬਲੇ ਵਿੱਚ ਅੱਜ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 67 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਜਿੱਤ ਵਿੱਚ ਕਪਤਾਨ ਫਾਫ ਡੂ ਪਲੇਸਿਸ (50 ਗੇਂਦਾਂ ਵਿੱਚ ਨਾਬਾਦ 73 ਦੌੜਾਂ) ਅਤੇ ਗੇਂਦਬਾਜ਼ ਵਾਨਿੰਦੂ ਹਸਰੰਗਾ (18 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਅਹਿਮ ਭੂਮਿਕਾ ਰਹੀ। ਇਸ ਦੇ ਨਾਲ ਹੀ ਆਰਸੀਬੀ ਦੇ 12 ਮੈਚਾਂ ਵਿੱਚ 14 ਅੰਕ ਹੋ ਗਏ, ਜਦਕਿ ਹੈਦਰਾਬਾਦ ਦੇ 11 ਮੈਚਾਂ ਵਿੱਚ ਦਸ ਅੰਕ ਹਨ। ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ, ਫਿਰ ਹੈਦਰਾਬਾਦ ਦੀ ਪਾਰੀ ਨੂੰ 19.2 ਓਵਰਾਂ ਵਿੱਚ 125 ਦੌੜਾਂ ’ਤੇ ਹੀ ਰੋਕ ਦਿੱਤਾ। ਡੂ ਪਲੇਸਿਸ ਨੇ 50 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਅਤੇ ਦੋ ਛੱਕੇ ਜੜੇ। ਉਸ ਨੇ ਦੂਜੀ ਵਿਕਟ ਲਈ ਰਜਤ ਪਾਟੀਦਾਰ (48) ਨਾਲ 105 ਅਤੇ ਤੀਜੀ ਵਿਕਟ ਲਈ ਗਲੇਨ ਮੈਕਸਵੈੱਲ (33) ਨਾਲ 54 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕੀਤੀ। ਹੈਦਰਾਬਾਦ ਲਈ ਜਗਦੀਸ਼ ਸੁਚਿਤ ਨੇ ਦੋ ਅਤੇ ਕਾਰਤਿਕ ਤਿਆਗੀ ਨੇ ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਲਈ ਰਾਹੁਲ ਤ੍ਰਿਪਾਠੀ ਨੇ 37 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਐਡਨ ਮਾਰਕਰਮ ਨੇ 21 ਅਤੇ ਨਿਕੋਲਸ ਪੂਰਨ ਨੇ 19 ਦੌੜਾਂ ਬਣਾਈਆਂ। ਹਸਰੰਗਾ ‘ਮੈਨ ਆਫ ਦਿ ਮੈਚ’ ਰਿਹਾ। ਆਰਸੀਬੀ ਲਈ ਜੋਸ ਹੇਜ਼ਲਵੁੱਡ ਨੇ ਦੋ, ਜਦਕਿ ਮੈਕਸਵੈੱਲ ਅਤੇ ਹਰਸ਼ਲ ਪਟੇਲ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। -ਪੀਟੀਆਈ