ਚੇਨੱਈ, 6 ਮਈ
ਚੇਨੱਈ ਸੁਪਰ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਮਥੀਸ਼ਾ ਪਥੀਰਾਣਾ ਨੇ ਚਾਰ ਓਵਰਾਂ ਵਿੱਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤਰ੍ਹਾਂ ਮੁੰਬਈ ਅੱਠ ਵਿਕਟਾਂ ‘ਤੇ 139 ਦੌੜਾਂ ਹੀ ਬਣਾ ਸਕੀ ਜਦੋਂਕਿ ਚੇਨੱਈ ਨੇ 17.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਚੇਨੱਈ ਸੁਪਰ ਕਿੰਗਜ਼ 11 ਮੈਚਾਂ ਵਿੱਚ 13 ਅੰਕਾਂ ਨਾਲ ਦੂਸਰੇ ਸਥਾਨ ‘ਤੇ ਪਹੁੰਚ ਗਈ ਹੈ। ਮੁੰਬਈ ਇਸ ਮੈਚ ਮਗਰੋਂ ਦਸ ਮੁਕਾਬਲਿਆਂ ਵਿੱਚ ਦਸ ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈੈ। ਪਥੀਰਾਣਾ ਤੋਂ ਇਲਾਵਾ ਦੀਪਕ ਚਾਹਰ ਅਤੇ ਤੁਸ਼ਾਰ ਦੇਸ਼ਪਾਂਡੇ ਨੇ ਦੋ ਦੋ ਵਿਕਟਾਂ ਲਈਆਂ ਜਦੋਂਕਿ ਰਵਿੰਦਰ ਜਡੇਜਾ ਹੱਥ ਇੱਕ ਵਿਕਟ ਲੱਗੀ।
ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਖ਼ਰਾਬ ਰਹੀ। ਉਸ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ ਤਿੰਨ ਓਵਰਾਂ ਵਿੱਚ 14 ਦੌੜਾਂ ਲੈਂਦਿਆਂ ਗੁਆ ਲਈਆਂ। ਉਸ ਦੇ ਸਲਾਮੀ ਬੱਲੇਬਾਜ਼ ਕੈਮਰੌਨ ਗਰੀਨ (ਛੇ) ਅਤੇ ਇਸ਼ਾਨ ਕਿਸ਼ਨ (ਸੱਤ) ਸਸਤੇ ਵਿੱਚ ਆਊਟ ਹੋ ਗਏ, ਜਦੋਂਕਿ ਕਪਤਾਨ ਰੋਹਿਤ ਸ਼ਰਮਾ ਖਾਤਾ ਖੋਲ੍ਹੇ ਬਿਨਾਂ ਪੈਵੇਲੀਅਨ ਪਰਤ ਗਿਆ। ਰੋਹਿਤ ਇਸ ਲੀਗ ਵਿੱਚ ਰਿਕਾਰਡ 16ਵੀਂ ਵਾਰ ਸਿਫ਼ਰ ‘ਤੇ ਆਊਟ ਹੋਇਆ ਹੈ। ਇਸ ਤੋਂ ਬਾਅਦ ਨਹਿਲ ਵਢੇਰਾ ਨੇ ਅਰਧ ਸੈਂਕੜਾ (51 ਗੇਂਦਾਂ ਵਿੱਚ 64 ਦੌੜਾਂ) ਵਾਲੀ ਪਾਰੀ ਖੇਡੀ, ਜਦੋਂਕਿ ਸੂਰਿਆਕੁਮਾਰ ਯਾਦਵ ਨੇ 22 ਗੇਂਦਾਂ ਵਿੱਚ 26 ਦੌੜਾਂ ਬਣਾਈਆਂ ਅਤੇ ਟੀਮ ਨੂੰ ਚੁਣੌਤੀ ਯੋਗ ਸਕੋਰ ਤੱਕ ਪਹੁੰਚਾਇਆ। -ਪੀਟੀਆਈ