ਕੋਲਕਾਤਾ, 29 ਅਪਰੈਲ
ਵਰੁਣ ਚਕਰਵਰਤੀ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਫਿਲ ਸਾਲਟ ਦੇ ਧੂੰਆਂਧਾਰ ਅਰਧ ਸੈਂਕੜੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਇੱਥੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਦਿੱਲੀ ਦੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਈਟ ਰਾਈਡਰਜ਼ ਨੇ ਸਾਲਟ ਦੀ 33 ਗੇਂਦਾਂ ਵਿੱਚ (ਪੰਜ ਛੱਕੇ ਤੇ ਸੱਤ ਚੌਕੇ) 68 ਦੌੜਾਂ ਦੀ ਪਾਰੀ ਦੀ ਬਦੌਲਤ 16.3 ਓਵਰਾਂ ਵਿੱਚ ਤਿੰਨ ਵਿਕਟ ’ਤੇ 157 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਾਲਟ ਨੇ ਸੁਨੀਲ ਨਾਰਾਇਣ (15) ਨਾਲ ਪਹਿਲੇ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਕਪਤਾਨ ਸ਼੍ਰੇਅਸ ਅਈਅਰ (ਨਾਬਾਦ 33) ਅਤੇ ਵੈਂਕਟੇਸ਼ਨ ਅਈਅਰ (ਨਾਬਾਦ 26) ਨੇ ਚੌਥੇ ਵਿਕਟ ਲਈ 57 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਜਿੱਤ ਨਾਲ ਨਾਈਟ ਰਾਈਡਰਜ਼ ਦੇ ਨੌਂ ਮੈਚਾਂ ’ਚ ਛੇ ਜਿੱਤਾਂ ਨਾਲ 12 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ’ਤੇ ਹੈ। ਦਿੱਲੀ ਦੀ ਟੀਮ 11 ਮੈਚਾਂ ਵਿੱਚ 10 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਦਿੱਲੀ ਨੇ ਇਸ ਤੋਂ ਪਹਿਲਾਂ ਚਕਰਵਰਤੀ (16 ਦੌੜਾਂ ’ਤੇ ਤਿੰਨ ਵਿਕਟਾਂ), ਹਰਸ਼ਿਤ ਰਾਣਾ (28 ਦੌੜਾਂ ’ਤੇ ਦੋ ਵਿਕਟਾਂ) ਤੇ ਵੈਭਵ ਅਰੋੜਾ (29 ਦੌੜਾਂ ’ਤੇ ਦੋ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਨਿਯਮਤ ਫ਼ਰਕ ’ਤੇ ਵਿਕਟਾਂ ਗੁਆਈਆਂ ਤੇ ਟੀਮ ਨੌਂ ਵਿਕਟਾਂ ਦੇ ਨੁਕਸਾਨ ਨਾਲ 153 ਦੌੜਾਂ ਹੀ ਬਣਾ ਸਕੀ। -ਪੀਟੀਆਈ
ਕੋਹਲੀ ਨੇ ਸ਼ਾਨਦਾਰ ਪਾਰੀ ਖੇਡ ਕੇ ਆਲੋਚਕਾਂ ਨੂੰ ਦਿੱਤਾ ਜਵਾਬ
ਨਵੀਂ ਦਿੱਲੀ: ਵਿਰਾਟ ਕੋਹਲੀ ਨੇ ਬੀਤੇ ਦਿਨ ਆਈਪੀਐੱਲ ’ਚ ਸ਼ਾਨਦਾਰ ਨੀਮ ਸੈਂਕੜੇ ਨਾਲ ਆਪਣੀ ਸਟ੍ਰਾਈਕ ਰੇਟ ਦੀ ਹੋ ਰਹੀ ਆਲੋਚਨਾ ਨੂੰ ਦਰਕਿਨਾਰ ਕਰ ਦਿੱਤਾ ਹੈ। ਸਾਬਕਾ ਭਾਰਤੀ ਕਪਤਾਨ ਨੇ ਜੂਨ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਚੰਗੀ ਫਾਰਮ ਹਾਸਲ ਕਰ ਲਈ ਹੈ। ਰੌਇਲ ਚੈਲੇਂਜਰਜ਼ ਬੈਂਗਲੌਰ ਦੇ ਬੱਲੇਬਾਜ਼ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ 44 ਗੇਂਦਾਂ ’ਚ 70 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਹੇਠਲੇ ਸਥਾਨ ’ਤੇ ਮੌਜੂਦ ਟੀਮ ਨੇ 10 ਮੈਚਾਂ ’ਚ ਆਪਣੀ ਤੀਜੀ ਜਿੱਤ ਲਈ ਟੀਚੇ ਦਾ ਬੜੀ ਅਸਾਨੀ ਨਾਲ ਪਿੱਛਾ ਕੀਤਾ। ਇਸ ਆਈਪੀਐੱਲ ’ਚ ਸੱਤਵੀਂ ਵਾਰ 500 ਦੌੜਾਂ ਬਣਾਉਣ ਦੇ ਬਾਵਜੂਦ ਅਮਰੀਕਾ ਤੇ ਵੈਸਟ ਇੰਡੀਜ਼ ’ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਦੀ 147.49 ਦੀ ਸਟ੍ਰਾਈਕ ਰੇਟ ਜਾਂਚ ਦੇ ਦਾਇਰੇ ’ਚ ਆ ਗਈ ਹੈ। ਕੋਹਲੀ ਨੇ ਕਿਹਾ, ‘ਉਹ ਸਾਰੇ ਲੋਕ ਜੋ ਸਟ੍ਰਾਈਕ ਰੇਟ ਅਤੇ ਮੇਰੇ ਸਪਿੰਨ ਨੂੰ ਚੰਗੀ ਤਰ੍ਹਾਂ ਨਾ ਖੇਡਣ ਬਾਰੇ ਗੱਲ ਕਰਦੇ ਹਨ, ਉਹੀ ਲੋਕ ਹਨ ਜੋ ਇਸ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ। ਮੇਰੇ ਲਈ ਸਿਰਫ਼ ਟੀਮ ਵਾਸਤੇ ਜਿੱਤ ਹਾਸਲ ਕਰਨਾ ਅਹਿਮ ਹੈ।’ -ਰਾਇਟਰਜ਼
ਚੇਨੱਈ ਸੁਪਰ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 78 ਦੌੜਾਂ ਨਾਲ ਹਰਾਇਆ
ਚੇਨੱਈ: ਕਪਤਾਨ ਰਿਤੂਰਾਜ ਗਾਇਕਵਾੜ ਲਗਾਤਾਰ ਦੂਜੇ ਸੈਂਕੜੇ ਤੋਂ ਮਾਮੂਲੀ ਫਰਕ ਨਾਲ ਖੁੰਝ ਗਿਆ ਪਰ ਉਸ ਦੀ ਸ਼ਾਨਦਾਰ ਪਾਰੀ ਸਕਦਾ ਚੇਨੱਈ ਸੁਪਰ ਕਿੰਗਜ਼ ਨੇ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੂੰ ਆਈਪੀਐੱਲ ਦੇ ਇੱਕ ਮੈਚ ਦੌਰਾਨ 78 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਟੀਮ ਨੇ ਬੱਲੇਬਾਜ਼ੀ ਕਰਦਿਆਂ 213 ਦੌੜਾਂ ਦਾ ਟੀਚਾ ਰੱਖਿਆ ਸੀ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ 18.5 ਓਵਰਾਂ ਵਿੱਚ 134 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਗਾਇਕਵਾੜ ਨੇ ਚੇਨੱਈ ਲਈ ਪਹਿਲਾਂ ਬੱਲੇਬਾਜ਼ੀ ਕਰਦਿਆਂ 45 ਗੇਂਦਾਂ ਵਿੱਚ 98 ਦੌੜਾਂ ਬਣਾਈਆਂ। ਇਸੇ ਤਰ੍ਹਾਂ ਡੇਰਿਲ ਮਿਚੈਲ ਨੇ 32 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਦਕਿ ਸ਼ਿਵਮ ਦੂਬੇ ਨੇ 20 ਗੇਂਦਾਂ ਵਿੱਚ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਬੱਲੇਬਾਜ਼ ਅਜਿੰਕਯ ਰਹਾਨੇ ਪਾਰੀ ਦੇ ਸ਼ੁਰੂ ਵਿੱਚ ਹੀ ਆਊਟ ਹੋ ਗਿਆ ਸੀ। -ਪੀਟੀਆਈ