ਨਵੀਂ ਦਿੱਲੀ: ਭਾਰਤੀ ਫ਼ੌਜ ਦੀ ਕਪਤਾਨ ਰਿਤਿਕਾ ਦਹੀਆ ਨੂੰ ਜਾਰਡਨ ਦੇ ਵਾਡੀ ਰਮ ਵਿੱਚ 22 ਤੋਂ 24 ਸਤੰਬਰ ਤੱਕ ਹੋਣ ਵਾਲੀ ਮਹਿਲਾ ਅੰਤਰਰਾਸ਼ਟਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ ਲਈ ਅੱਜ ਭਾਰਤ ਦੀ ਤਿੰਨ ਮੈਂਬਰੀ ਘੋੜਸਵਾਰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਘੋੜਸਵਾਰੀ ਫੈਡਰੇਸ਼ਨ (ਐੱਫਈਆਈ) ਨੇ ਨਵੀਂ ਦਿੱਲੀ ਦੀ ਪ੍ਰਿਅੰਕਾ ਭਾਰਦਵਾਜ ਅਤੇ ਉੱਤਰ ਪ੍ਰਦੇਸ਼ ਦੀ ਨੰਦਾ ਅਗਰਵਾਲ ਦੀ ਵੀ ਟੀਮ ਲਈ ਚੋਣ ਕੀਤੀ ਹੈ। ਦਿੱਲੀ ਦੀ 21 ਸਾਲਾ ਖੁਸ਼ੀ ਸਿੰਘ ਨੂੰ ਰਿਜ਼ਰਵ ਖਿਡਾਰੀ ਵਜੋਂ ਟੀਮ ਵਿੱਚ ਰੱਖਿਆ ਗਿਆ ਹੈ। ਭਾਰਤ ਪਹਿਲੀ ਵਾਰ ਇਸ ਗ੍ਰੈਂਡ ਪ੍ਰਿਕਸ ਮੁਕਾਬਲੇ ਵਿੱਚ ਹਿੱਸਾ ਲਵੇਗਾ, ਜੋ ਅੰਤਰਰਾਸ਼ਟਰੀ ਟੈਂਟ ਪੈਗਿੰਗ ਫੈਡਰੇਸ਼ਨ ਵੱਲੋਂ ਵਿਸ਼ੇਸ਼ ਤੌਰ ’ਤੇ ਔਰਤਾਂ ਲਈ ਕਰਵਾਇਆ ਜਾ ਰਿਹਾ ਹੈ। ਮੁਕਾਬਲੇ ਵਿੱਚ ਭਾਰਤ, ਓਮਾਨ, ਰੂਸ, ਬ੍ਰਿਟੇਨ, ਕਜ਼ਾਕਿਸਤਾਨ, ਨਾਰਵੇ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਸਮੇਤ 12 ਦੇਸ਼ਾਂ ਦੇ ਘੋੜਸਵਾਰ ਹਿੱਸਾ ਲੈਣਗੇ। -ਪੀਟੀਆਈ