ਬਰਮਿੰਘਮ, 2 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੇ ਜਿੱਤ ਦੇ ਸਿਲਸਿਲੇ ਨੂੰ ਤੋੜਦਿਆਂ ਇੰਗਲੈਂਡ ਨੇ ਰਾਸ਼ਟਰਮੰਡਲ ਖੇਡਾਂ ਦੇ ਪੂਲ ਏ ਦੇ ਲੀਗ ਮੈਚ ਵਿਚ ਉਸ ਨੂੰ 3-1 ਨਾਲ ਹਰਾ ਦਿੱਤਾ। ਪਹਿਲੇ ਮੈਚ ਵਿਚ ਘਾਨਾ ਨੂੰ 5-0 ਤੇ ਵੇਲਜ਼ ਨੂੰ 3-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਉਸ ਲੈਅ ਨੂੰ ਕਾਇਮ ਨਹੀਂ ਰੱਖ ਸਕੀ।
ਵਿਸ਼ਵ ਦਰਜਾਬੰਦੀ ਵਿਚ ਪੰਜਵੇਂ ਸਥਾਨ ਉਤੇ ਕਾਬਜ਼ ਇੰਗਲੈਂਡ ਦੀ ਟੀਮ ਨੌਵੀਂ ਰੈਕਿੰਗ ਵਾਲੀ ਭਾਰਤੀ ਟੀਮ ਉਤੇ ਭਾਰੂ ਪਈ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪੁਰਸ਼ ਟੀਮ ਨੇ ਤਿੰਨ ਗੋਲ ਨਾਲ ਪੱਛੜਨ ਦੇ ਬਾਵਜੂਦ ਸੋਮਵਾਰ ਭਾਰਤੀ ਪੁਰਸ਼ ਟੀਮ ਨੂੰ 4-4 ਦੇ ਡਰਾਅ ਉਤੇ ਰੋਕ ਲਿਆ ਸੀ। ਇੰਗਲੈਂਡ ਨੇ ਪਹਿਲੇ, ਤੀਸਰੇ ਤੇ ਚੌਥੇ ਕੁਆਰਟਰ ਵਿਚ ਇਕ-ਇਕ ਗੋਲ ਕੀਤਾ ਜਦਕਿ ਭਾਰਤੀ ਟੀਮ ਇਕੋ ਇਕ ਗੋਲ ਆਖ਼ਰੀ ਕੁਆਰਟਰ ਵਿਚ ਹੀ ਕਰ ਸਕੀ।
ਇੰਗਲੈਂਡ ਲਈ ਹਨਾ ਮਾਰਟਿਨ, ਟੇਸ ਹਾਰਵਰਡ ਤੇ ਜਿਸੇਲੇ ਐਂਸਲੇ ਨੇ ਗੋਲ ਕੀਤੇ। ਜਦਕਿ ਭਾਰਤ ਲਈ ਇਕੋ-ਇਕ ਗੋਲ ਵੰਦਨਾ ਕਟਾਰੀਆ ਨੇ ਕੀਤਾ। ਭਾਰਤੀ ਟੀਮ ਪੂਲ ਏ ਦੇ ਆਖ਼ਰੀ ਲੀਗ ਮੈਚ ਵਿਚ ਭਲਕੇ ਕੈਨੇਡਾ ਨਾਲ ਮੁਕਾਬਲਾ ਕਰੇਗੀ। ਇਹ ਮੁਕਾਬਲਾ ਟੀਮ ਲਈ ਅਹਿਮ ਹੈ। -ਪੀਟੀਆਈ