ਨਵੀਂ ਦਿੱਲੀ: ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਵਿਚ ਕੌਮੀ ਕੈਂਪ ਲਾ ਰਹੀ ਮਹਿਲਾ ਵੇਟਲਿਫਟਰ ਨੂੰ ਡੋਪ ਟੈਸਟ ਵਿਚ ਪਾਜ਼ੇਟਿਵ ਆਉਣ ਕਾਰਨ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਨੇ ਦੱਸਿਆ ਕਿ ਕੌਮੀ ਰਿਕਾਰਡ ਧਾਰਕ ਇਸ ਵੇਟਲਿਫਟਰ ਨੇ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਭਾਗ ਲਿਆ ਹੈ ਤੇ ਉਸ ਨੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਵੇਟਲਿਫਟਰ 16 ਤੋਂ 25 ਅਪਰੈਲ ਨੂੰ ਉਜ਼ਬੇਕਿਸਤਾਨ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੀ ਮੈਂਬਰ ਸੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪਿਛਲੇ ਸਾਲ ਨਵੰਬਰ ਵਿਚ ਇਸ ਵੇਟਲਿਫਟਰ ਦਾ ਸੈਂਪਲ ਲਿਆ ਸੀ ਜਿਸ ਦੀ ਰਿਪੋਰਟ ਵਿਚ ਪਾਬੰਦੀਸ਼ੁਦਾ ਪਦਾਰਥ ਲੈਣ ਦੀ ਪੁਸ਼ਟੀ ਹੋਈ ਹੈ। -ਪੀਟੀਆਈ