ਨਵੀਂ ਦਿੱਲੀ: ਭਾਰਤ ਦੇ ਕਿਸ਼ਤੀ ਚਾਲਕ ਖਿਡਾਰੀਆਂ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਪੁਰਸ਼ਾਂ ਦੇ ਲਾਈਟਵੇਟ ਡਬਲ ਸਕੱਲਜ਼ ਵਰਗ ’ਚ ਇਹ ਓਲੰਪਿਕ ਕੋਟਾ ਅੱਜ ਏਸ਼ੀਆ-ਓਸ਼ਨੀਆ ਮਹਾਦੀਪ ਕੁਆਲੀਫਾਇੰਗ ਰੇਗੈਟਾ ਦੀ ਆਖਰੀ ਰੇਸ ’ਚ ਦੂਜੇ ਸਥਾਨ ’ਤੇ ਰਹਿ ਕੇ ਹਾਸਲ ਕੀਤਾ। ਇੱਕ ਹੋਰ ਭਾਰਤੀ ਜਾਕਰ ਖ਼ਾਨ ਪੁਰਸ਼ਾਂ ਦੇ ਸਿੰਗਲ ਸਕੱਲ ਫਾਈਨਲ, ਜਿਸ ਵਿੱਚ ਪੰਜ ਓਲੰਪਿਕ ਕੋਟੇ ਹੁੰਦੇ ਹਨ, ਵਿੱਚ ਚੌਥੇ ਸਥਾਨ ’ਤੇ ਰਿਹਾ ਪਰ ਉਹ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਕਿਉਂਕਿ ਇਸ ਰੇਗੈਟਾ ’ਚ ਇੱਕ ਦੇਸ਼ ਨੂੰ ਇੱਕ ਓਲੰਪਿਕ ਕੋਟਾ ਮਿਲਦਾ ਹੈ। ਭਾਰਤੀ ਰੋਇੰਗ ਫੈਡਰੇਸ਼ਨ ਦੀ ਪ੍ਰਧਾਨ ਰਾਜਲਕਸ਼ਮੀ ਸਿੰਘ ਦੇਵ ਨੇ ਕਿਹਾ, ‘ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਪੁਰਸ਼ ਲਾਈਟਵੇਟ ਡਬਲ ਸਕੱਲਜ਼ ’ਚ ਦੂਜੇ ਸਥਾਨ ’ਤੇ ਰਹੇ ਸਨ, ਜਿਸ ਕਰਕੇ ਉਨ੍ਹਾਂ ਨੇ ਕੁਆਲੀਫਾਈ ਕੀਤਾ।’ -ਪੀਟੀਆਈ