ਟੋਕੀਓ, 22 ਜੁਲਾਈ
ਕਰੋਨਾ ਮਹਾਮਾਰੀ ਦਰਮਿਆਨ ਹੋ ਰਹੀ ਟੋਕੀਓ ਓਲੰਪਿਕ ਵਿੱਚ ਖ਼ੁਸ਼ੀਆਂ ਖੇੜਿਆਂ ਤੇ ਦਰਸ਼ਕਾਂ ਦੀ ਥਾਂ ਭਾਵੇਂ ਖ਼ਦਸ਼ਿਆਂ ਤੇ ਤਣਾਅ ਨੇ ਲੈ ਲਈ ਹੈ, ਪਰ ‘ਆਸ ਦੀ ਕਿਰਨ’ ਮੰਨੇ ਜਾਂਦੇ ਇਸ ਖੇਡ ਮਹਾਕੁੰਭ ਵਿੱਚ ਭਾਰਤੀ ਖੇਡ ਦਲ ਸਫ਼ਲਤਾ ਦਾ ਨਵਾਂ ਇਤਿਹਾਸ ਲਿਖ ਸਕਦਾ ਹੈ। ਵਿਸ਼ਵ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸ਼ਹਿਰਾਂ ਵਿਚੋਂ ਇਕ ਟੋਕੀਓ ਹਜ਼ਾਰਾਂ ਖਿਡਾਰੀਆਂ, ਸਹਿਯੋਗੀ ਸਟਾਫ਼ ਤੇ ਅਧਿਕਾਰੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ ਜਦੋਂਕਿ ਇਥੇ ਰੋਜ਼ਾਨਾ ਇਕ ਹਜ਼ਾਰ ਤੋਂ ਵਧ ਕਰੋਨਾ ਦੀ ਲਾਗ ਦੇ ਕੇਸ ਸਾਹਮਣੇ ਆ ਰਹੇ ਹਨ। ਕੌਮਾਂਤਰੀ ਓਲੰਪਿਕ ਕਮੇਟੀ ਦੀ ਹਾਲਾਂਕਿ ਪੂਰੀ ਕੋਸ਼ਿਸ਼ ਹੈ ਕਿ ਇਨ੍ਹਾਂ ਖੇਡਾਂ ਨੂੰ ਆਸ ਵਜੋਂ ਵੇਖਦਿਆਂ ਸਿਰਫ਼ ਸਕਾਰਾਤਮਕ ਪਹਿਲੂ ’ਤੇ ਹੀ ਕੇਂਦਰਤ ਕੀਤਾ ਜਾਵੇ।
ਭਾਰਤ ਦੀ ਗੱਲ ਕਰੀਏ ਤਾਂ ਇਕ ਅਰਬ 30 ਕਰੋੜ ਤੋਂ ਵਧ ਦੀ ਆਬਾਦੀ ਵਾਲੇ ਇਸ ਮੁਲਕ ਦੇ ਨਾਂ ਓਲੰਪਿਕ ਦੇ ਮਹਿਜ਼ 28 ਤਗ਼ਮੇ ਹਨ। ਭਾਰਤ ਨੇ 1900 ਵਿੱਚ ਪਹਿਲੀ ਵਾਰ ਓਲੰਪਿਕ ’ਚ ਸ਼ਿਰਕਤ ਕੀਤੀ ਤੇ ਹੁਣ ਤੱਕ ਵਿਅਕਤੀਗਤ ਵਰਗ ਵਿੱਚ ਸਿਰਫ਼ ਅਭਿਨਵ ਬਿੰਦਰਾ ਹੀ ਸੋਨੇ ਦਾ ਤਗ਼ਮਾ ਹਾਸਲ ਕਰ ਸਕਿਆ ਹੈ, ਜੋ ਇਸ ਨਿਸ਼ਾਨੇਬਾਜ਼ ਨੇ 2008 ਬੀਜਿੰਗ ਓਲੰਪਿਕ ਵਿੱਚ ਸਟੀਕ ਨਿਸ਼ਾਨਾ ਲਾ ਕੇ ਜਿੱਤਿਆ ਸੀ। ਐਤਕੀਂ ਭਾਰਤ ਨੇ 120 ਖਿਡਾਰੀ 28 ਵੱਖ ਵੱਖ ਖੇਡ ਵੰਨਗੀਆਂ ਲਈ ਭੇਜੇ ਹਨ, ਜਿਨ੍ਹਾਂ ਵਿੱਚੋਂ 68 ਪੁਰਸ਼ ਤੇ 52 ਮਹਿਲਾਵਾਂ ਹਨ। ਪਹਿਲੀ ਵਾਰ ਭਾਰਤੀ ਖੇਡ ਦਲ ਤੋਂ ਦਹਾਈ ਦੇ ਅੰਕੜੇ ਵਿੱਚ ਤਗ਼ਮੇ ਜਿੱਤਣ ਦੀ ਆਸ ਬੱਝੀ ਹੈ। ਓਲੰਪਿਕ ਵਿੱਚ ਭਾਰਤ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਲੰਡਨ ਓਲੰਪਿਕ 2012 ਵਿੱਚ ਸੀ, ਜਦੋਂ ਭਾਰਤੀ ਖਿਡਾਰੀਆਂ ਨੇ 6 ਤਗ਼ਮੇ ਜਿੱਤੇ ਸੀ ਹਾਲਾਂਕਿ ਇਨ੍ਹਾਂ ਵਿਚ ਇਕ ਵੀ ਸੋਨ ਤਗ਼ਮਾ ਨਹੀਂ ਸੀ। ਭਾਰਤ ਲਈ ਸਭ ਤੋਂ ਪ੍ਰਬਲ ਦਾਅਵੇਦਾਰਾਂ ’ਚੋਂ 15 ਨਿਸ਼ਾਨੇਬਾਜ਼ ਹੋਣਗੇ, ਜੋ ਪਿਛਲੇ ਦੋ ਸਾਲਾਂ ਵਿੱਚ ਕੌਮਾਂਤਰੀ ਪੱਧਰ ’ਤੇ ਵੱਡੀਆਂ ਸਫ਼ਲਤਾਵਾਂ ਦੇਸ਼ ਦੀ ਝੋਲੀ ਪਾ ਚੁੱਕੇ ਹਨ। ਮਨੂ ਭਾਕਰ, ਇਲਾਵੇਨਲ ਵਾਲਾਰਿਵਾਨ, ਦਿਵਿਆਂਸ਼ ਸਿੰਘ ਪੰਵਾਰ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਭਾਰਤ ਦੀਆਂ ਤਗ਼ਮੇ ਦੀਆਂ ਉਮੀਦਾਂ ’ਚੋਂ ਇਕ ਹਨ।
ਪਿਛਲੇ ਚਾਰ ਦਹਾਕਿਆਂ ਤੋਂ ਓਲੰਪਿਕ ਤਗ਼ਮੇ ਦੀ ਉਡੀਕ ਕਰ ਰਹੀ ਭਾਰਤੀ ਹਾਕੀ ਨੂੰ ਮਹਿਲਾ ਤੇ ਪੁਰਸ਼ ਦੋਵਾਂ ਟੀਮਾਂ ਤੋਂ ਆਸ ਹੈ। ਭਾਰਤ ਨੇ 8ਵਾਂ ਤੇ ਆਖਿਰੀ ਓਲੰਪਿਕ ਤਗ਼ਮਾ 1980 ਵਿੱਚ ਜਿੱਤਿਆ ਸੀ ਤੇ ਇੰਨੇ ਸਾਲਾਂ ਵਿੱਚ ਪਹਿਲੀ ਵਾਰ ਇਸ ਟੀਮ ਨੇ ਅਸਲ ਉਮੀਦ ਜਗਾਈ ਹੈ। ਟੇਬਲ ਟੈਨਿਸ ਵਿੱਚ ਅਚੰਤ ਸ਼ਰਤ ਕਮਲ ਤੇ ਮਾਨਿਕਾ ਬੱਤਰਾ ਕਮਾਲ ਕਰ ਸਕਦੇ ਹਨ। ਬੈਡਮਿੰਟਨ ਵਿੱਚ ਵਿਸ਼ਵ ਚੈਂਪੀਅਨ ਪੀ.ਵੀ.ਸਿੰਧੂ ਦੂਜਾ ਓਲੰਪਿਕ ਤਗ਼ਮਾ ਜਿੱਤਣ ਦੀ ਦਾਅਵੇਦਾਰ ਹੈ। -ਪੀਟੀਆਈ