ਪਾਲ ਸਿੰੰਘ ਨੌਲੀ
ਜਲੰਧਰ, 16 ਦਸੰਬਰ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (28) ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਆਨੰਦ ਕਾਰਜ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਗੁਰਦਆਰਾ ਪਾਤਸ਼ਾਹੀ ਨੌਵੀਂ ਵਿੱਚ ਮਲੇਸ਼ੀਆ ਦੀ ਰਹਿਣ ਵਾਲੀ ਈਲੀ ਸਦੀਕੀ ਨਾਲ ਸਾਦੇ ਢੰਗ ਨਾਲ ਹੋਇਆ। ਕੋਵਿਡ ਕਾਰਨ ਹਾਕੀ ਕਪਤਾਨ ਦੇ ਵਿਆਹ ਵਿੱਚ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਮਨਪ੍ਰੀਤ ਸਿੰਘ ਤੇ ਈਲੀ ਸਦੀਕੀ ਨੇ ਆਪਣਾ ਵਿਆਹ ਟੋਕੀਓ ਉਲੰਪਿਕ ਖੇਡਾਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕੀਤਾ ਹੋਇਆ ਸੀ।
ਜਾਣਕਾਰੀ ਅਨੁਸਾਰ ਮਿੱਠਾਪੁਰ ਦੇ ਰਹਿਣ ਵਾਲੇ ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਮਲੇਸ਼ਿਆਈ ਮੁਟਿਆਰ ਈਲੀ ਸਦੀਕੀ ਨਾਲ ਪਿਛਲੇ 8 ਸਾਲਾਂ ਤੋਂ ਪ੍ਰੇਮ ਸਬੰਧ ਸਨ।
ਈਲੀ ਸਦੀਕੀ ਕਈ ਵਾਰ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਮਿੱਠਾਪੁਰ ਆਉਂਦੀ ਰਹੀ ਹੈ ਪਰ ਵਿਆਹ ਵਿੱਚ ਈਲੀ ਦੇ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਹੋਏ। ਮਨਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀਐੱਸਪੀ ਵਜੋਂ ਤਾਇਨਾਤ ਹਨ ਤੇ ਉਹ ਇਸ ਤੋਂ ਪਹਿਲਾਂ ਜੂਨੀਅਰ ਹਾਕੀ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ।