ਟੋਕੀਓ, 6 ਅਗਸਤ
ਭਾਰਤੀ ਗੋਲਫਰ ਅਦਿਤੀ ਅਸ਼ੋਕ ਟੋਕੀਓ ਓਲੰਪਿਕ ਦੇ ਗੋਲਫ਼ ਮੁਕਾਬਲਿਆਂ ਵਿੱਚ ਭਾਰਤ ਦੇ ਪਹਿਲੇ ਤਗ਼ਮੇ ਦੀ ਦਾਅਵੇਦਾਰ ਬਣੀ ਹੋਈ ਹੈ। ਅਦਿਤੀ ਤੀਜੇ ਦੌਰ ਵਿੱਚ ਤਿੰਨ ਅੰਡਰ 67 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਕਾਇਮ ਹੈ। ਅਦਿਤੀ ਤੀਜੇ ਦੌਰ ਮਗਰੋਂ 12 ਅੰਡਰ 201 ਦੇ ਸਕੋਰ ਨਾਲ ਇਕੱਲੀ ਹੀ ਦੂਜੇ ਸਥਾਨ ’ਤੇ ਹੈ। ਅਮਰੀਕਾ ਦੀ ਨੈਲੀ ਕੋਰਡਾ ਉਸ ਤੋਂ ਤਿੰਨ ਸਟਰੋਕ ਅੱਗੇ ਹੈ, ਜਿਨ੍ਹਾਂ ਨੇ ਇਸ ਦੌਰ ਵਿੱਚ ਦੋ ਅੰਡਰ 69 ਸਕੋਰ ਕੀਤਾ ਹੈ। ਨਿਊਜ਼ੀਲੈਂਡ ਦੀ ਲੀਡੀਆ ਕੋਅ, ਆਸਟਰੇਲੀਆ ਹਨਾ ਗ੍ਰੀਨ, ਡੈਨਮਾਰਕ ਦੀ ਕ੍ਰਿਸਟੀਨ ਪੈਡਰਸਨ ਤੇ ਜਾਪਾਨ ਦੀ ਮੋਨੇ ਇਨਾਮੀ 10 ਅੰਡਰ 203 ਦੇ ਸਕੋਰ ਨਾਲ ਸਾਂਝੇ ਤੀਜੇ ਸਥਾਨ ’ਤੇ ਹਨ। ਅਦਿਤੀ ਨੇ ਪੰਜ ਬਰਡੀ ਲਗਾਈ ਤੇ ਦੋ ਬੋਗੀ ਕੀਤੀ। ਉਸ ਨੇ ਨੌਵੇਂ ਤੇ 11ਵੇਂ ਹੋਲ ’ਤੇ ਬੋਗੀ ਕਰਨ ਮਗਰੋਂ 15ਵੇਂ ਤੇ 17ਵੇਂ ਹੋਲ ’ਤੇ ਬਰਡੀ ਲਾਈ। ਇਸ ਤੋਂ ਪਹਿਲਾਂ ਉਸ ਨੇ ਚੌਥੇ, ਛੇਵੇਂ ਤੇ ਸੱਤਵੇਂ ਹੋਲ ਉੱਤੇ ਬਰਡੀ ਲਗਾਈ ਸੀ। ਭਾਰਤ ਦੀ ਦੀਕਸ਼ਾ ਡਾਗਰ ਇਕ ਓਵਰ 72 ਦੇ ਸਕੋਰ ਨਾਲ ਹੇਠਲੇ ਹਾਫ਼ ਵਿੱਚ ਹੈ। ਅਦਿਤੀ ਦਾ ਇਹ ਦੂਜਾ ਓਲੰਪਿਕ ਹੈ। ਰੀਓ (2016) ਵਿੱਚ ਉਹ 41ਵੇਂ ਸਥਾਨ ’ਤੇ ਸੀ। ਅਦਿਤੀ ਨੇ ਕਿਹਾ ਕਿ ਉਹ ਕਰੋਨਾ ਵਾਇਰਸ ਦੀ ਲਾਗ ਹੇਠ ਆਉਣ ਕਰਕੇ ਇਥੇ ਆਉਣ ਤੋਂ ਪਹਿਲਾਂ ਘੱਟ ਟੂਰਨਾਮੈਂਟਾਂ ਵਿੱਚ ਖੇਡੀ ਹੈ। ਬਿਮਾਰੀ ਤੋਂ ਉਭਰਨ ਮਗਰੋਂ ਉਸ ਨੂੰ ਹੁਣ ਵੀ ਵੱਡੇ ਸ਼ਾਟ ਲਗਾਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਅਦਿਤੀ ਨੇ ਕਿਹਾ, ‘‘ਮੈਂ ਅੱਜ ਆਪਣੀ ਸਰਵੋਤਮ ਖੇਡ ਨਹੀਂ ਵਿਖਾ ਸਕੀ। ਲੰਮੀ ਦੂਰੀ ਦੇ ਹੋਲ ਵਿੱਚ ਮੇਰੀ ਖੇਡ ਵਿੱਚ ਲਗਾਤਾਰਤਾ ਦੀ ਘਾਟ ਹੈ। ਪਹਿਲੇ ਦੋ ਦਿਨਾਂ ਦੇ ਮੁਕਾਬਲੇ ਵਿੱਚ ਇਹ ਓਨਾ ਚੰਗਾ ਨਹੀਂ ਰਿਹਾ।’’ ਉਸ ਨੇ ਕਿਹਾ, ‘‘ਕੋਵਿਡ-19 ਦੀ ਲਾਗ ਚਿੰਬੜਨ ਕਰਕੇ ਮੇਰੀ ਤਾਕਤ ਥੋੜ੍ਹੀ ਘੱਟ ਹੋਈ ਹੈ। ਦੂਰ ਵਾਲੇ ਹੋਲ ਨੂੰ ਛੱਡ ਦਿਓ ਤਾਂ ਇਹਸਾਲ ਮੇਰੇ ਲਈ ਸਰਵੋਤਮ ਰਿਹਾ ਹੈ।’’ ਭਾਰਤੀ ਗੋਲਫ਼ਰ ਨੇ ਕਿਹਾ, ‘‘ਗੋਲਫ਼ ਨੂੰ ਦੂਜੀ ਵਾਰ ਓਲੰਪਿਕ ਵਿੱਚ ਸ਼ਾਮਲ ਕੀਤੇ ਜਾਣ ਨਾਲ ਲੋਕ ਇਸ ਖੇਡ ਬਾਰੇ ਵਧੇਰੇ ਜਾਗਰੂਕ ਹੋਏ ਹਨ ਤੇ ਇਸ ਖੇਡ ਵੱਲ ਹੋਰ ਧਿਆਨ ਦੇਣ ਦੇ ਯਤਨ ਹੋ ਰਹੇ ਹਨ।’’ -ਪੀਟੀਆਈ