ਨਵੀਂ ਦਿੱਲੀ: ਦੀਪਕ ਕੁਮਾਰ, ਸ਼ਿਵ ਥਾਪਾ ਅਤੇ ਸੰਜੀਤ ਵਰਗੇ ਖਿਡਾਰੀਆਂ ਦੀ ਮੌਜੂਦਗੀ ਵਾਲੀ ਭਾਰਤੀ ਪੁਰਸ਼ ਮੁੱਕੇਬਾਜ਼ੀ ਟੀਮ 24 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਰਵਾਨਾ ਹੋ ਗਈ ਹੈ। ਭਾਰਤ ਨੇ ਇਸ ਚੈਂਪੀਅਨਸ਼ਿਪ ਲਈ 13 ਮੈਂਬਰੀ ਟੀਮ ਭੇਜੀ ਹੈ, ਜੋ ਟੋਕੀਓ ਓਲੰਪਿਕ ਦੀ ਮਾੜੀ ਕਾਰਗੁਜ਼ਾਰੀ ਨੂੰ ਪਿੱਛੇ ਛੱਡ ਕੇ ਵੱਧ ਤੋਂ ਵੱਧ ਤਗਮੇ ਹਾਸਿਲ ਕਰਨ ਦਾ ਯਤਨ ਕਰੇਗੀ। ਇਨ੍ਹਾਂ ਖਿਡਾਰੀਆਂ ਵਿੱਚ ਥਾਪਾ ਨੂੰ ਪਹਿਲਾਂ ਵੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਤਜਰਬਾ ਹੈ। ਉਸ ਨੇ 2015 ਵਿੱਚ ਇਸ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਮੁੱਕੇਬਾਜ਼ਾਂ ਦੀ ਸਹਾਇਤਾ ਲਈ ‘ਹਾਈ ਪਰਫਾਰਮੈਂਸ’ ਦੇ ਨਿਰਦੇਸ਼ਕ ਸੈਂਟਿਆਗੋ ਨੀਵਾ, ਮੁੱਖ ਕੋਚ ਨਰਿੰਦਰ ਰਾਣਾ ਅਤੇ ਸਹਾਇਕ ਕੋਚ ਐੱਲ ਦੇਵੇਂਦਰੋ ਸਿੰਘ ਆਦਿ ਵੀ ਟੀਮ ਦੇ ਨਾਲ ਗਏ ਹਨ। ਨੀਵਾ ਦਾ ਭਾਰਤੀ ਟੀਮ ਨਾਲ ਇਹ ਆਖਰੀ ਟੂਰਨਾਮੈਂਟ ਹੋਵੇਗਾ ਕਿਉਂਕਿ ਟੋਕੀਓ ਓਲੰਪਿਕ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਫੇਡਰੇਸ਼ਨ ਨੇ ਉਨ੍ਹਾਂ ਦੀਆਂ ਸੇਵਾਵਾਂ ਲੰਮੇ ਸਮੇਂ ਤੱਕ ਨਾ ਲੈਣ ਦਾ ਫੈ਼ਸਲਾ ਕੀਤਾ ਸੀ। ਟੋਕੀਓ ਓਲੰਪਿਕ ਤੋਂ ਬਾਅਦ ਮੁੱਕੇਬਾਜ਼ ਪਹਿਲੀ ਵਾਰ ਕਿਸੇ ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। -ਪੀਟੀਆਈ