ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਮਗਰੋਂ ਕੁਝ ਸਮਾਂ ਅਰਾਮ ਕਰ ਕੇ ਤਿੰਨ ਹਫ਼ਤਿਆਂ ਦੇ ਅਭਿਆਸ ਕੈਂਪ ਲਈ ਵਿਦੇਸ਼ ਰਵਾਨਾ ਹੋਣਗੇ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਦੋ ਸੋਨ ਤਗਮੇ, ਪੰਜ ਚਾਂਦੀ ਤੇ ਅੱਠ ਕਾਂਸੀ ਦੇ ਤਗਮੇ ਹਾਸਲ ਕੀਤੇ। ਭਾਰਤੀ ਪੁਰਸ਼ ਮੁੱਕੇਬਾਜ਼ੀ ਦੇ ਅਧਿਕਾਰੀ ਸੈਂਟੀਆਗੋ ਨੀਵਾ ਨੇ ਦੱਸਿਆ ਕਿ ਮੁੱਕੇਬਾਜ਼ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਤੋਂ ਪੰਜ-ਸੱਤ ਦਿਨ ਪਹਿਲਾਂ ਟੋਕੀਓ ਪਹੁੰਚ ਜਾਣਗੇ। ਉਨ੍ਹਾਂ ਦੱਸਿਆ, ‘‘ਅਸੀਂ ਅਭਿਆਸ ਲਈ ਵਿਦੇਸ਼ ਜਾਵਾਂਗੇ। ਇਸ ਦੀ ਯੋਜਨਾ ਬਣ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਜਗ੍ਹਾ ਤੈਅ ਕਰ ਲਈ ਜਾਵੇਗੀ। ਇਹ ਤਿੰਨ ਹਫ਼ਤਿਆਂ ਦਾ ਕੈਂਪ ਹੋਵੇਗਾ।’’ -ਪੀਟੀਆਈ