ਸਿਡਨੀ, 11 ਦਸੰਬਰ
ਜਸਪ੍ਰੀਤ ਬੁਮਰਾਹ ਵੱਲੋਂ ਬਣਾਏ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਅਭਿਆਸ ਮੈਚ ਵਿਚ ਪਹਿਲੇ ਦਿਨ ਮਜ਼ਬੂਤ ਸਥਿਤੀ ਬਣਾ ਲਈ ਹੈ। ਮੀਂਹ ਨਾਲ ਪ੍ਰਭਾਵਿਤ ਮੈਚ ’ਚ ਭਾਰਤੀ ਟੀਮ ਨੇ 194 ਦੌੜਾਂ ਬਣਾਈਆਂ ਜਦਕਿ ਆਸਟਰੇਲਿਆਈ ਟੀਮ 108 ਦੌੜਾਂ ਹੀ ਬਣਾ ਸਕੀ ਜਿਸ ਵਿਚ ਜਸਪ੍ਰੀਤ ਬੁਮਰਾਹ ਨੇ 57 ਗੇਂਦਾਂ ਵਿਚ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬੁਮਰਾਹ ਨੇ ਉਸ ਪਿੱਚ ’ਤੇ ਆਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜਿਆ ਜਿਥੇ ਬਾਕੀ ਦੇ ਭਾਰਤੀ ਬੱਲੇਬਾਜ਼ ਦੌੜਾਂ ਬਣਾਉਣ ਵਿਚ ਨਾਕਾਮ ਰਹੇ। ਦਿਨ ਰਾਤ ਦੇ ਮੈਚ ਵਿਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਤੇ ਚੇਤੇਸ਼ਵਰ ਪੁਜਾਰਾ ਨੂੰ ਆਰਾਮ ਦਿੱਤਾ ਪਰ ਟੀਮ ਦੇ ਮੁੱਖ ਬੱਲੇਬਾਜ਼ ਕੰਗਾਰੂਆਂ ਦੀ ਏ ਟੀਮ ਅੱਗੇ ਖੜ੍ਹ ਨਹੀਂ ਸਕੇ। ਇਕ ਵੇਲੇ ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ’ਤੇ 102 ਦੌੜਾਂ ਸੀ ਪਰ 21 ਦੌੜਾਂ ਦੇ ਅੰਦਰ ਹੀ ਸੱਤ ਬੱਲੇਬਾਜ਼ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਲਾਮੀ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਤਰ੍ਹਾਂ ਭਾਰਤ ਨੇ ਪਹਿਲੀ ਪਾਰੀ ਵਿਚ 86 ਦੌੜਾਂ ਦੀ ਲੀਡ ਹਾਸਲ ਕੀਤੀ।
-ਪੀਟੀਆਈ