ਟੋਕੀਓ, 30 ਜੁਲਾਈ
ਟੋਕੀਓ ਓਲੰਪਿਕ ’ਚ ਭਾਰਤੀ ਅਥਲੀਟ ਅਵਿਨਾਸ਼ ਸਾਬਲੇ ਅੱਜ ਆਪਣੇ ਕੌਮੀ ਰਿਕਾਰਡ ਸਮੇਂ ’ਚ ਸੁਧਾਰ ਕਰਨ ਦੇ ਬਾਵਜੂਦ 3000 ਮੀਟਰ ਸਟੀਪਲਚੇਜ਼ ਦੇ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਜਦਕਿ ਤੇਜ਼ ਦੌੜਾਕ ਦੁਤੀ ਚੰਦ ਔਸਤ ਪ੍ਰਦਰਸ਼ਨ ਕਾਰਨ ਸ਼ੁਰੂਆਤੀ ਦੌਰ ’ਚੋਂ ਹੀ ਬਾਹਰ ਹੋ ਗਈ। ਓਲੰਪਿਕ ਦੇ ਅਥਲੈਟਿਕਸ ਮੁਕਾਬਲਿਆਂ ’ਚ ਭਾਰਤੀ ਅਥਲੀਟਾਂ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਐੱਮ.ਪੀ. ਜਬੀਰ ਵੀ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ’ਚੋਂ ਬਾਹਰ ਗਿਆ। ਇਸੇ ਦੌਰਾਨ ਭਾਰਤ ਦੀ 4X400 ਮਿਕਸਡ ਰਿਲੇਅ ਟੀਮ ਵੀ ਦੂਜੀ ਹੀਟ ’ਚ 8ਵੇਂ (ਆਖਰੀ) ਸਥਾਨ ’ਤੇ ਰਹੀ।
ਸਾਬਲੇ ਨੇ 3,000 ਮੀਟਰ ਦੀ ਦੂਜੀ ਹੀਟ ’ਚ 8 ਮਿੰਟ 18 ਸਕਿੰਟ ਤੇ 12 ਮਿਲੀ ਸਕਿੰਟ ਦਾ ਸਮਾਂ ਕੱਢਦਿਆਂ ਮਾਰਚ ਮਹੀਨੇ ਬਣਾਇਆ ਆਪਣਾ 8 ਮਿੰਟ 20 ਸਕਿੰਟ ਤੇ 20 ਮਿਲੀ ਸਕਿੰਟ ਦਾ ਰਿਕਾਰਡ ਤੋੜਿਆ। ਦੂਜੀ ਹੀਟ ’ਚੋਂ ਉਹ 7ਵੇਂ ਸਥਾਨ ’ਤੇ ਰਿਹਾ। ਸਾਬਲੇ ਕੁਆਲੀਫਾਇੰਗ ਹੀਟ ’ਚ 7ਵੇਂ ਅਤੇ ਕੁੱਲ 13ਵੇਂ ਸਥਾਨ ’ਤੇ ਰਿਹਾ। ਜਦਕਿ ਜਬੀਰ ਸੱਤਵੇਂ ਅਤੇ ਆਪਣੀ ਪੰਜਵੀਂ ਹੀਟ ’ਚੋਂ ਆਖਰੀ ਸਥਾਨ ’ਤੇ ਰਿਹਾ। ਉਹ 50.77 ਸਕਿੰਟ ਦਾ ਸਮਾਂ ਕੱਢ ਕੇ ਕੁੱਲ 36 ਦੌੜਾਕਾਂ ਵਿੱਚੋਂ 33ਵੇਂ ਸਥਾਨ ’ਤੇ ਰਿਹਾ। ਉਸ ਦਾ ਨਿੱਜੀ ਸਰਵੋਤਮ ਸਮਾਂ 49.13 ਸਕਿੰਟ ਦਾ ਹੈ। ਦੁਤੀ ਚੰਦ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਨਾ ਕਰ ਸਕੀ ਅਤੇ ਉਸ ਨੇ 100 ਮੀਟਰ ਦੌੜ ’ਚ 11.54 ਸਕਿੰਟਾਂ ਦਾ ਸਮਾਂ ਕੱਢਿਆ। ਸ਼ਾਮ ਦੇ ਸੈਸ਼ਨ ’ਚ 4×400 ਮੀਟਰ ਰਿਲੇਅ ਦੌੜ ’ਚ ਭਾਰਤ ਦੇ ਮੁਹੰਮਦ ਅਨਸ ਯਾਹੀਆ, ਰੇਵਤੀ ਵੀਰਾਮਨੀ, ਸੁਭਾ ਵੈਂਕਟੇਸ਼ਨ ਅਤੇ ਰਾਜੀਵ ਅਰੋਕੀਆ ਦੀ ਮਿਕਸਡ ਟੀਮ ਨੇ ਦੂਜੀ ਹੀਟ ’ਚ 3 ਮਿੰਟ 19 ਸਕਿੰਟ 93 ਮਿਲੀ ਸਕਿੰਟ ਦਾ ਸਮਾਂ ਕੱਢਿਆ। ਟੀਮ ਕੁੱਲ 13ਵੇਂ ਅਤੇ ਆਖਰੀ ਸਥਾਨ ’ਤੇ ਰਹੀ। -ਪੀਟੀਆਈ