ਬਰਮਿੰਘਮ, 31 ਜੁਲਾਈ
ਨੌਜਵਾਨ ਵੇਟਲਿਫਟਰ ਜੇਰੇਮੀ ਲਾਲਰਿਨੁੰਗਗਾ ਨੇ ਖੇਡਾਂ ਦੇ ਦੋ ਨਵੇਂ ਰਿਕਾਰਡਾਂ ਦੇ ਨਾਲ ਅੱਜ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਜੇਰੇਮੀ ਨੇ ਪੁਰਸ਼ਾਂ ਦੇ 67 ਕਿਲੋਗ੍ਰਾਮ ਵਰਗ ਵਿਚ ਦਬਦਬਾ ਕਾਇਮ ਕਰਦਿਆਂ ਕੁੱਲ 300 ਕਿਲੋਗ੍ਰਾਮ (140 ਕਿਲੋ ਤੇ 160 ਕਿਲੋ) ਵਜ਼ਨ ਚੁੱਕਿਆ। ਉਨ੍ਹਾਂ ਸਮੋਆ ਦੇ ਵੇਈਪਾਵਾ ਨੀਵੋ ਇਓਨ 293 ਕਿਲੋ (127 ਕਿਲੋ ਤੇ 166 ਕਿਲੋ) ਤੇ ਨਾਇਜੀਰੀਆ ਦੇ ਇਡਿਡਓਂਗ ਜੋਸੇਫ ਉਮੋਆਫਿਆ 290 ਕਿਲੋ (130 ਕਿਲੋ ਤੇ 160 ਕਿਲੋ) ਨੂੰ ਪਛਾੜਿਆ ਜਿਨ੍ਹਾਂ ਕ੍ਰਮਵਾਰ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ। ਐਜ਼ੌਲ ਦੇ 19 ਸਾਲ ਦੇ ਜੇਰੇਮੀ ਨੇ ਖੇਡਾਂ ਦਾ ਸਨੈਚ (140 ਕਿਲੋ) ਤੇ ਕੁੱਲ ਭਾਰ (300 ਕਿਲੋ) ਦਾ ਰਿਕਾਰਡ ਆਪਣੇ ਨਾਂ ਕੀਤਾ।
ਇਸ ਦੌਰਾਨ ਉਹ ਫੱਟੜ ਹੋਣ ਤੋਂ ਵੀ ਬਚੇ ਕਿਉਂਕਿ ਕਲੀਨ ਐਂਡ ਜਰਕ ਦੀ ਇਕ ਕੋਸ਼ਿਸ਼ ਦੌਰਾਨ ਉਹ ਦੋ ਵਾਰ ਕਾਫ਼ੀ ਦਰਦ ਵਿਚ ਨਜ਼ਰ ਆਏ। ਜੇਰੇਮੀ ਨੇ ਸਨੈਚ ਵਿਚ ਆਪਣੇ ਦੂਜੇ ਯਤਨ ਵਿਚ 140 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨੇੜਲੇ ਮੁਕਾਬਲੇਬਾਜ਼ ਇਡਿਡਿਓਂਗ ਉਤੇ 10 ਕਿਲੋ ਦੀ ਲੀਡ ਬਣਾਈ। ਉਨ੍ਹਾਂ ਨੇ 136 ਕਿਲੋ ਦੀ ਕੋਸ਼ਿਸ਼ ਨਾਲ ਸ਼ੁਰੂਆਤ ਕੀਤੀ। ਜੇਰੇਮੀ ਨੇ ਆਖ਼ਰੀ ਕੋਸ਼ਿਸ਼ ਵਿਚ 143 ਕਿਲੋਗ੍ਰਾਮ ਵਜ਼ਨ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਕਲੀਨ ਐਂਡ ਜਰਕ ਵਿਚ 2021 ਦੀ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਜੇਤੂ ਜੇਰੇਮੀ ਨੇ 154 ਕਿਲੋ ਭਾਰ ਉਠਾ ਕੇ ਸ਼ੁਰੂਆਤ ਕੀਤੀ ਤੇ ਆਪਣੀ ਦੂਜੀ ਕੋਸ਼ਿਸ਼ ਵਿਚ 160 ਕਿਲੋਗ੍ਰਾਮ ਵਜ਼ਨ ਚੁੱਕਿਆ। ਉਹ ਆਪਣੇ ਆਖ਼ਰੀ ਯਤਨ ਵਿਚ 165 ਕਿਲੋ ਭਾਰ ਨਹੀਂ ਚੁੱਕ ਸਕੇ। ਭਾਰਤ ਦਾ ਵੇਟਲਿਫਟਿੰਗ ਵਿਚ ਇਹ ਪੰਜਵਾਂ ਤਗਮਾ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ, ਸੰਕੇਤ ਸਰਗਰ, ਬਿੰਦਿਆਰਾਨੀ ਦੇਵੀ ਤੇ ਗੁਰੂਰਾਜ ਪੁਜਾਰੀ ਨੇ ਤਗਮੇ ਜਿੱਤੇ ਹਨ।
ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਲਾਲਨੇਹਤਲੁਆਂਗਾ ਦੇ ਬੇਟੇ ਜੇਰੇਮੀ ਨੇ ਪਹਿਲਾਂ ਮੁੱਕੇਬਾਜ਼ੀ ਵਿਚ ਵੀ ਹੱਥ ਅਜ਼ਮਾਏ ਸਨ ਪਰ ਮਗਰੋਂ ਵੇਟਲਿਫਟਿੰਗ ਨਾਲ ਜੁੜ ਗਏ ਕਿਉਂਕਿ ਇਸ ਵਿਚ ਸਫ਼ਲ ਹੋਣ ਲਈ ਸਿਰਫ਼ ਤਾਕਤ ਦੀ ਜ਼ਰੂਰਤ ਸੀ ਜਿਸ ਪ੍ਰਤੀ ਉਹ ਖਿੱਚੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਹੋਰਾਂ ਨੇ ਜੇਰੇਮੀ ਨੂੰ ਉਸ ਦੀ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਰੇਮੀ ਦੀ ਪ੍ਰਾਪਤੀ ਮਿਸਾਲੀ ਹੈ ਤੇ ਉਸ ਤੋਂ ਹੋਰਨਾਂ ਨੌਜਵਾਨ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ। ਉਨ੍ਹਾਂ ਮੁਕਾਬਲੇ ਵਿਚ ਹਿੱਸਾ ਲੈ ਰਹੇ ਹੋਰਨਾਂ ਖਿਡਾਰੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ। -ਪੀਟੀਆਈ
ਬਿੰਦਿਆਰਾਨੀ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ
ਬਰਮਿੰਘਮ: ਭਾਰਤ ਦੀ ਬਿੰਦਿਆਰਾਨੀ ਦੇਵੀ ਨੇ ਵੇਟਲਿਫ਼ਟਿੰਗ ਵਿਚ ਮਹਿਲਾਵਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿਚ ਦੇਸ਼ ਨੂੰ ਚਾਂਦੀ ਦਾ ਤਗਮਾ ਦਿਵਾਇਆ ਹੈ। ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਤਗਮਿਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ। ਮੀਰਾਬਾਈ ਚਾਨੂ ਦੇ ਸੋਨ ਤਗਮੇ ਤੋਂ ਬਾਅਦ 23 ਸਾਲਾ ਬਿੰਦਿਆਰਾਨੀ ਨੇ ਸਨੈਚ ਵਰਗ ਵਿਚ 86 ਕਿਲੋ ਵਜ਼ਨ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਤੋਂ ਬਾਅਦ ਕਲੀਨ ਐਂਡ ਜਰਕ ਵਿਚ 116 ਕਿਲੋਗ੍ਰਾਮ ਭਾਰ ਚੁੱਕ ਕੇ ਇਨ੍ਹਾਂ ਖੇਡਾਂ ਦਾ ਰਿਕਾਰਡ ਬਣਾਇਆ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਗਮਾ ਜਿੱਤਣ ’ਤੇ ਬਿੰਦਿਆਰਾਨੀ ਨੂੰ ਵਧਾਈ ਦਿੱਤੀ ਹੈ। ਮੁਰਮੂ ਨੇ ਕਿਹਾ, ‘ਰਾਸ਼ਟਰਮੰਡਲ ਖੇਡਾਂ ਵਿਚ ਵੇਟਲਿਫਟਿੰਗ ’ਚ ਮਹਿਲਾਵਾਂ ਦੇ 55 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਣ ’ਤੇ ਬਿੰਦਿਆਰਾਨੀ ਨੂੰ ਵਧਾਈ। ਹਰ ਭਾਰਤੀ ਨੂੰ ਤੁਹਾਡੀ ਸਫ਼ਲਤਾ ਨਾਲ ਖ਼ੁਸ਼ੀ ਮਿਲੀ ਹੈ।’ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਰਾਸ਼ਟਰਮੰਡਲ ਖੇਡਾਂ, ਬਰਮਿੰਘਮ ਵਿਚ ਚਾਂਦੀ ਦਾ ਤਗਮਾ ਜਿੱਤਣ ’ਤੇ ਬਿੰਦਿਆਰਾਨੀ ਨੂੰ ਮੁਬਾਰਕ।’ ਨਾਇਜੀਰੀਆ ਦੀ ਅਦਿਜਤ ਅਦੇਨਾਇਕੇ ਓਲਾਰਿਨੋਏ ਨੇ 203 (92 ਕਿਲੋ ਤੇ 111 ਕਿਲੋ) ਵਜ਼ਨ ਚੁੱਕ ਕੇ ਸੋਨ ਤਗਮਾ ਜਿੱਤਿਆ। ਉਨ੍ਹਾਂ ਸਨੈਚ ਤੇ ਕੁੱਲ ਵਜ਼ਨ ਦੇ ਮਾਮਲੇ ਵਿਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਬਣਾਇਆ। ਇੰਗਲੈਂਡ ਦੀ ਫਰੇਅਰ ਮੋਰੋ ਨੇ 198 ਕਿਲੋ (89 ਤੇ 109 ਕਿਲੋ) ਵਜ਼ਨ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਚਾਨੂ ਵਾਂਗ ਬਿੰਦਿਆਰਾਨੀ ਵੀ ਮਨੀਪੁਰ ਦੀ ਰਹਿਣ ਵਾਲੀ ਹੈ। ਬਿੰਦਿਆਰਾਨੀ ਦੇ ਪਿਤਾ ਇਕ ਕਿਸਾਨ ਹਨ ਤੇ ਉਨ੍ਹਾਂ ਦੀ ਇਕ ਕਿਰਾਏ ਦੀ ਦੁਕਾਨ ਵੀ ਹੈ। ਉਨ੍ਹਾਂ 2019 ਵਿਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਸੀ ਤੇ 2021 ਵਿਚ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਸੀ। -ਪੀਟੀਆਈ
ਭਾਰਤ ਦੇ ਅੱਜ ਹੋਣ ਵਾਲੇ ਮੁਕਾਬਲੇ
ਪੁਰਸ਼ ਹਾਕੀ: ਭਾਰਤ ਬਨਾਮ ਇੰਗਲੈਂਡ, ਰਾਤ 8.30 ਵਜੇ
ਤੈਰਾਕੀ: ਸਾਜਨ ਪ੍ਰਕਾਸ਼, ਸ਼ਾਮ 3.30 ਵਜੇ
ਮੁੱਕੇਬਾਜ਼ੀ: ਐਮਡੀ ਹਸਮੂਦੀਨ, ਸ਼ਾਮ ਛੇ ਵਜੇ
ਵੇਟਲਿਫਟਿੰਗ: ਹਰਜਿੰਦਰ ਕੌਰ, ਰਾਤ 11 ਵਜੇ
ਬੈਡਮਿੰਟਨ: ਮਿਕਸਡ ਟੀਮ ਸੈਮੀਫਾਈਨਲ, ਸ਼ਾਮ 3.30 ਵਜੇ
ਜੂਡੋ ਦੇ ਮੁਕਾਬਲੇ ਬਾਅਦ ਦੁਪਹਿਰ 2.30 ਵਜੇ ਤੋਂ ਹੋਣਗੇ
ਟੇਬਲ ਟੈਨਿਸ: ਮਹਿਲਾ ਟੀਮ, ਦੁਪਹਿਰ ਦੋ ਵਜੇ