ਨਵੀਂ ਦਿੱਲੀ, 28 ਫਰਵਰੀ:
ਆਸਟਰੇਲੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਇਆਨ ਚੈਪਲ ਨੇ ਕਿਹਾ ਕਿ ਭਾਰਤ ਨੇ ਚੇਨੱਈ ਵਿੱਚ ਖੇਡੇ ਦੂਜੇ ਟੈਸਟ ਵਿੱਚ ਇੰਗਲੈਂਡ ਦੀ ਸਪਿੰਨ ਖੇਡਣ ਦੀ ਕਮਜ਼ੋਰੀ ਦੀ ਪਛਾਣ ਕਰਦੇ ਹੋਏ ਤੀਜੇ ਟੈਸਟ ਵਿੱਚ ਇਸ ਦਾ ਫਾਇਦਾ ਲਿਆ। ਇਸੇ ਕਾਰਨ ਗੁਲਾਬੀ ਗੇਂਦ ਨਾਲ ਮਹਿਮਾਨ ਟੀਮ ਦੋ ਦਿਨਾਂ ਵਿੱਚ ਹੀ ਮੈਚ ਗੁਆ ਬੈਠੀ। ਸਪਿੰਨਰ ਅਕਸ਼ਰ ਪਟੇਲ ਅਤੇ ਰਵਿਚੰਦਰਨ ਅਸ਼ਿਵਨ ਨੇ ਕ੍ਰਮਵਾਰ 11 ਅਤੇ 7 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਹ ਮੈਚ ਮਹਿਜ਼ 10 ਵਿਕਟਾਂ ਨਾਲ ਜਿੱਤਿਆ। ਇਸ ਤੋਂ ਪਹਿਲਾਂ ਚੇਨੱਈ ਟੈਸਟ ਭਾਰਤੀ ਟੀਮ ਨੇ 317 ਦੌੜਾਂ ਨਾਲ ਜਿੱਤਿਆ ਸੀ। ਚੈਪਲ ਨੇ ਕਿਹਾ ਕਿ ਭਾਰਤ ਨੇ ਟੈਸਟ ਵਿੱਚ ਤਿੰਨ ਸਪਿੰਨਰਾਂ ਨੂੰ ਖਿਡਾਉਣ ਦਾ ਫ਼ੈਸਲਾ ਇਸੇ ਲਈ ਲਿਆ ਕਿਉਂਕਿ ਚੇਨੱਈ ਦੀ ਪਿੱਚ ’ਤੇ ਜੋ ਰੂਟ ਤੋਂ ਬਿਨਾਂ ਕੋਈ ਵੀ ਬਰਤਾਨਵੀ ਬੱਲੇਬਾਜ਼ ਸਪਿੰਨ ਗੇਂਦਬਾਜ਼ਾਂ ਦਾ ਮੁਕਾਬਲਾ ਨਾ ਕਰ ਸਕਿਆ। ਉਨ੍ਹਾਂ ਕਿਹਾ ਕਿ ਚੇੇਨੱਈ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਦੇ ਬੱਲੇਬਾਜ਼ ਇਸ ਕਾਰਨ ਛੇਤੀ ਆਊਟ ਹੋ ਗਏ ਕਿਉਂਕਿ ਉਨ੍ਹਾਂ ਨੂੰ ਆਪਣੀ ਰੱਖਿਆਤਮਕ ਖੇਡ ’ਤੇ ਭਰੋਸਾ ਨਹੀਂ ਸੀ। ਉਹ ਸਪਿੰਨਰਾਂ ਨੂੰ ਕਰੀਜ਼ ਤੋਂ ਬਾਹਰ ਨਿਕਲ ਕੇ ਖੇਡਣ ਦੀ ਥਾਂ ਰਿਵਰਸ ਸਵੀਪ ਦਾ ਸਹਾਰਾ ਲੈਂਦੇ ਦਿਖਾਏ ਦਿੱਤੇ। -ਪੀਟੀਆਈ