ਪੁਣੇ, 25 ਮਾਰਚ
ਭਾਰਤ ਨੂੰ ਅੱਜ ਇੱਥੇ ਐੱਮਸੀਏ ਸਟੇਡੀਅਮ ਵਿੱਚ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਇੰਗਲੈਂਡ ਤੋਂ ਛੇ ਵਿਕਟਾਂ ਨਾਲ ਹਾਰ ਝੱਲਣੀ ਪਈ। ਇੰਗਲੈਂਡ ਨੇ ਇਸ ਜਿੱਤ ਦੇ ਨਾਲ ਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ ਇੰਗਲੈਂਡ ਨੂੰ 337 ਦੌੜਾਂ ਦਾ ਟੀਚਾ ਦਿੱਤਾ ਸੀ। ਇੰਗਲੈਂਡ ਸ਼ੁਰੂ ਤੋਂ ਹੀ ਹਮਲਾਵਰ ਹੋ ਕੇ ਖੇਡਿਆ।
ਮਹਿਮਾਨ ਟੀਮ ਦੀ ਸਲਾਮੀ ਜੋੜੀ ਜੇਸਨ ਰੌਏ (55 ਦੌੜਾਂ) ਅਤੇ ਜੌਨੀ ਬੇਅਰਸਟੋ (124 ਦੌੜਾਂ) ਨੇ ਭਾਰਤੀ ਗੇਂਦਬਾਜ਼ੀ ਨੂੰ ਉਭਰਨ ਦਾ ਮੌਕਾ ਹੀ ਨਹੀਂ ਦਿੱਤਾ। ਰੌਏ ਦੇ ਆਊਟ ਹੋਣ ਮਗਰੋਂ ਬੇਨ ਸਟੋਕਸ ਨੇ ਪਾਰੀ ਸੰਭਾਲੀ, ਪਰ ਉਹ ਸੈਂਕੜਾ (99) ਬਣਾਉਣ ਤੋਂ ਇੱਕ ਦੌੜ ਨਾਲ ਖੁੰਝ ਗਿਆ। ਡੇਵਿਡ ਮਲਾਨ ਅਤੇ ਲਿਆਮ ਲਿਵਿੰਗਸਟੋਨ ਦੀ ਮਦਦ ਨਾਲ ਇੰਗਲੈਂਡ ਨੇ 43.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤੀ ਗੇਂਦਬਾਜ਼ਾਂ ਪ੍ਰਸਿੱਧ ਕ੍ਰਿਸ਼ਨਾ ਨੇ ਦੋ ਅਤੇ ਭੁਵਨੇਸ਼ਵਰ ਕੁਮਾਰ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਲਾਮੀ ਜੋੜੀ ਰੋਹਿਤ ਸ਼ਰਮਾ (25 ਦੌੜਾਂ) ਅਤੇ ਸਿਖਰ ਧਵਨ (ਚਾਰ ਦੌੜਾਂ) ਦੇ ਆਊਟ ਹੋਣ ਮਗਰੋਂ ਕੇਐੱਲ ਰਾਹੁਲ ਨੇ 114 ਗੇਂਦਾਂ ਵਿੱਚ ਸ਼ਾਨਦਾਰ ਸੈਂਕੜਾ (108) ਜੜਿਆ। ਕਪਤਾਨ ਵਿਰਾਟ ਕੋਹਲੀ ਨੇ (66 ਦੌੜਾਂ) ਅਤੇ ਰਿਸ਼ਭ ਪੰਤ (77 ਦੌੜਾਂ) ਨੇ ਅਰਧ ਸੈਂਕੜੇ ਮਾਰੇ, ਜਦੋਂਕਿ ਹਾਰਦਿਕ ਪਾਂਡਿਆ ਨੇ 16 ਗੇਂਦਾਂ ਵਿੱਚ 35 ਦੌੜਾਂ ਦੀ ਪਾਰੀ ਖੇਡੀ । ਇਸ ਤਰ੍ਹਾਂ ਭਾਰਤ ਨੇ ਛੇ ਵਿਕਟਾਂ ਗੁਆ ਕੇ 336 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਟੌਮ ਕਰਨ ਤੇ ਰੀਸ ਟੌਪਲੇ ਨੇ ਦੋ-ਦੋ ਅਤੇ ਸੈਮ ਕਰਨ ਨੇ ਇੱਕ ਵਿਕਟ ਲਈ।