ਨਵੀਂ ਦਿੱਲੀ, 4 ਅਪਰੈਲ
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਜਾਰੀ ਅੰਕੜਿਆਂ ਅਨੁਸਾਰ 2000 ਜਾਂ ਇਸ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਵਾਲੇ ਦੇਸ਼ਾਂ ਦੀ 2022 ਦੀ ਟੈਸਟਿੰਗ ਡੇਟਾ ਰਿਪੋਰਟ ਅਨੁਸਾਰ ਭਾਰਤ ਡੋਪਿੰਗ ਟੈਸਟਾਂ ਵਿੱਚ ਫੇਲ੍ਹ ਹੋਣ ਦੇ ਮਾਮਲਿਆਂ ਵਿੱਚ ਸਭ ਤੋਂ ਉਪਰ ਹੈ। ਦੱਖਣੀ ਅਫਰੀਕਾ ਦੂਜੇ ਨੰਬਰ ’ਤੇ ਹੈ। ਵਾਡਾ ਨੇ ਰਿਪੋਰਟ ’ਚ ਕਿਹਾ ਕਿ ਭਾਰਤ ਵਿੱਚ 3865 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ’ਚੋਂ 125 ਪਾਜ਼ੇਟਿਵ ਆਏ। ਇਹ ਸੈਂਪਲਾਂ ਦੀ ਗਿਣਤੀ ਦਾ 3.2 ਫੀਸਦ ਹਿੱਸਾ ਹੈ। ਨਮੂਨਿਆਂ ਦੀ ਜਾਂਚ ਦੇ ਮਾਮਲੇ ’ਚ ਭਾਰਤ 11ਵੇਂ ਸਥਾਨ ’ਤੇ ਹੈ ਪਰ ਡੋਪਿੰਗ ਦੇ ਮਾਮਲੇ ਰੂਸ (85), ਅਮਰੀਕਾ (84), ਇਟਲੀ (73) ਅਤੇ ਫਰਾਂਸ (72) ਵਰਗੀਆਂ ਖੇਡ ਮਹਾਸ਼ਕਤੀਆਂ ਤੋਂ ਵੱਧ ਹਨ। ਦੱਖਣੀ ਅਫਰੀਕਾ ਨੇ 2023 ਨਮੂਨਿਆਂ ਦੀ ਜਾਂਚ ਕੀਤੀ ਜਿਨ੍ਹਾਂ ’ਚੋਂ 2.9 ਫੀਸਦ ਪਾਜ਼ੇਟਿਵ ਆਏ। ਤੀਸਰੇ ਨੰਬਰ ’ਤੇ ਕਜ਼ਾਖਸਤਾਨ ਹੈ ਜਿਸ ਦੇ 2174 ’ਚੋਂ 1.9 ਫੀਸਦ ਨਮੂਨੇ ਪਾਜ਼ੇਟਿਵ ਆਏ ਹਨ। ਚੌਥੇ ਸਥਾਨ ’ਤੇ ਨਾਰਵੇ ਅਤੇ ਅਮਰੀਕਾ ਰਹੇ। ਚੀਨ ਨੇ ਰਿਕਾਰਡ 19,228 ਨਮੂਨਿਆਂ ਦੀ ਜਾਂਚ ਕੀਤੀ ਪਰ ਇਨ੍ਹਾਂ ’ਚੋਂ ਸਿਰਫ 0.2 ਫੀਸਦ ਪਾਜ਼ੇਟਿਵ ਆਏ। ਇਸੇ ਤਰ੍ਹਾਂ ਡੋਪਿੰਗ ਮਾਮਲਿਆਂ ਕਾਰਨ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਮੁਅੱਤਲੀ ਦਾ ਸਾਹਮਣਾ ਕਰ ਰਹੇ ਰੂਸ ਦੇ 0.8 ਫੀਸਦ ਨਮੂਨੇ ਪਾਜ਼ੇਟਿਵ ਸਨ। -ਪੀਟੀਆਈ