ਭੁਬਨੇਸ਼ਵਰ, 1 ਦਸੰਬਰ
ਮੁੱਖ ਅੰਸ਼
- ਬੈਲਜੀਅਮ ਨੂੰ 1-0 ਨਾਲ ਹਰਾਇਆ
- ਭਲਕੇ ਜਰਮਨੀ ਨਾਲ ਹੋਵੇਗਾ ਮੁਕਾਬਲਾ
ਮੌਜੂਦਾ ਚੈਂਪੀਅਨ ਭਾਰਤ ਅੱਜ ਇਥੇ ਯੂਰੋਪ ਦੀਆਂ ਸਿਖਰਲੀਆਂ ਟੀਮਾਂ ’ਚੋਂ ਇਕ ਬੈਲਜੀਅਮ ਨੂੰ 1-0 ਨਾਲ ਹਰਾ ਕੇ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲਜ਼ ਵਿੱਚ ਭਾਰਤ ਦਾ ਮੁਕਾਬਲਾ ਜਰਮਨੀ ਨਾਲ ਹੋਵੇਗਾ। ਛੇ ਵਾਰ ਦੀ ਚੈਂਪੀਅਨ ਜਰਮਨੀ ਨੇ ਸਪੇਨ ਨੂੰ ਸ਼ੂਟਆਊਟ ਵਿੱਚ 3-1 ਨਾਲ ਹਰਾ ਕੇ ਸੈਮੀ ਫਾਈਨਲ ਦਾ ਟਿਕਟ ਕਟਾਇਆ ਹੈ।
ਭਾਰਤ ਨੇ ਸਾਲ 2016 ਵਿੱਚ ਲਖਨਊ ’ਚ ਖੇਡੇ ਫਾਈਨਲ ਵਿੱਚ ਬੈਲਜੀਅਮ ਨੂੰ 2-1 ਦੀ ਸ਼ਿਕਸਤ ਦਿੱਤੀ ਸੀ ਤੇ ਜੂਨੀਅਰ ਟੀਮ ਨੇ ਅੱਜ ਦੇ ਮੁਕਾਬਲੇ ਵਿੱਚ ਵੀ ਯੂਰੋਪੀਅਨ ਟੀਮ ਖਿਲਾਫ਼ ਆਪਣੀ ਉਸੇ ਚੜ੍ਹਤ ਨੂੰ ਕਾਇਮ ਰੱਖਿਆ। ਸ਼ਰਦਾਨੰਦ ਤਿਵਾੜੀ ਨੇ ਦੂਜੇ ਕੁਆਰਟਰ ਦੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਨੂੰ 1-0 ਦੀ ਬੜਤ ਦਿਵਾਈ, ਜੋ ਮੈਚ ਖ਼ਤਮ ਹੋਣ ਤੱਕ ਬਰਕਰਾਰ ਰਹੀ।
ਮੈਚ ਦੌਰਾਨ ਦੋਵਾਂ ਧਿਰਾਂ ਨੇ ਰੱਖਿਆਤਮਕ ਖੇਡ ਦਾ ਮੁਜ਼ਾਹਰਾ ਕੀਤਾ, ਪਰ ਕਿਤੇ ਨਾ ਕਿਤੇ ਭਾਰਤ ਦਾ ਹੱਥ ਵਿਰੋਧੀ ਟੀਮ ਨਾਲੋਂ ਉੱਤੇ ਰਿਹਾ। ਬੈਲਜੀਅਮ ਨੇ ਹਾਲਾਂਕਿ ਤੇਜ਼ਤਰਾਰ ਸ਼ੁਰੂਆਤ ਕਰਦਿਆਂ ਮੈਂਚ ਦੇ ਪਹਿਲੇ ਕੁਝ ਮਿੰਟਾਂ ਵਿੱਚ ਭਾਰਤ ’ਤੇ ਦਬਾਅ ਵੀ ਬਣਾਇਆ। ਭਾਰਤੀ ਰੱਖਿਆ ਪੰਕਤੀ ਨੇ ਸੰਜਮੀ ਖੇਡ ਦਾ ਮੁਜ਼ਾਹਰਾ ਕੀਤਾ। ਮੈਚ ਦੇ 13ਵੇਂ ਮਿੰਟ ਵਿੱਚ ਬੈਲਜੀਅਮ ਦੀ ਟੀਮ ਨੇ ਗੋਲ ਵਲ ਨਿਸ਼ਾਨਾ ਲਾਇਆ, ਪਰ ਭਾਰਤ ਦੇ ਪ੍ਰਸ਼ਾਂਤ ਚੌਹਾਨ ਇਸ ਹਮਲੇ ਦਾ ਬਾਖੂਬੀ ਬਚਾਅ ਕੀਤਾ। -ਪੀਟੀਆਈ