ਪੁਣੇ, 28 ਮਾਰਚ
ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ 7 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ। ਭਾਰਤ ਨੇ ਪਹਿਲਾ ਮੈਚ 66 ਦੌੜਾਂ ਨਾਲ ਜਿੱਤਿਆ ਸੀ, ਜਦੋਂਕਿ ਦੂਜੇ ਵਿੱਚ ਛੇ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 48.2 ਓਵਰਾਂ ਵਿੱਚ 329 ਦੌੜਾਂ ਬਣਾਈਆਂ। ਭਾਰਤ ਲਈ ਸ਼ਿਖਰ ਧਵਨ (67), ਰਿਸ਼ਭ ਪੰਤ (78) ਅਤੇ ਹਾਰਦਿਕ ਪਾਂਡਿਆ (64) ਨੇ ਅਰਧ ਸੈਂਕੜੇ ਲਗਾਏ। ਇੰਗਲੈਂਡ ਲਈ ਮਾਰਕ ਵੁੱਡ ਨੇ ਤਿੰਨ ਅਤੇ ਆਦਿਲ ਰਾਸ਼ਿਦ ਨੇ ਦੋ ਵਿਕਟ ਲਈਆਂ। ਭਾਰਤ ਵੱਲੋਂ ਦਿੱਤੇ 330 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ ਜੇਸਨ ਰੌਏ (14) ਅਤੇ ਜੌਨੀ ਬੇਅਰਸਟੋ (ਇੱਕ) ਪਹਿਲੇ ਤਿੰਨ ਓਵਰਾਂ ਦੇ ਅੰਦਰ ਹੀ ਆਊਟ ਹੋ ਗਏ। ਫਿਰ ਬੇਨ ਸਟੋਕਸ (35) ਤੇ ਡੇਵਿਡ ਮਲਾਨ (50) ਨੇ ਕੁੱਝ ਸਮੇਂ ਤੱਕ ਪਾਰੀ ਨੂੰ ਸੰਭਾਲਿਆ। ਇਸ ਤੋਂ ਬਾਅਦ ਮਹਿਮਾਨ ਟੀਮ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਮੋਇਨ ਅਲੀ (29) ਦੇ ਆਊਟ ਹੋਣ ਮਗਰੋਂ ਸੈਮ ਕਰਨ ਦੇ ਅਰਧ ਸੈਂਕੜੇ (95) ਦੀ ਮਦਦ ਨਾਲ ਇੰਗਲੈਂਡ ਦੀ ਟੀਮ 300 ਦੌੜਾਂ ਤੋਂ ਵੱਧ ਦਾ ਸਕੋਰ ਬਣਾਉਣ ਵਿੱਚ ਕਾਮਯਾਬ ਰਹੀ। ਭਾਰਤੀ ਗੇਂਦਬਾਜ਼ਾਂ ਸ਼ਰਦੁਲ ਠਾਕੁਰ ਨੇ ਚਾਰ ਅਤੇ ਭੁਵਨੇਸ਼ਵਰ ਕੁਮਾਰ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਟੀ ਨਟਰਾਜਨ ਨੂੰ ਇੱਕ ਵਿਕਟ ਹੱਥ ਲੱਗੀ।