ਨਵੀਂ ਦਿੱਲੀ, 8 ਸਤੰਬਰ
ਭਾਰਤ ਨੇ ਅਗਲੇ ਮਹੀਨੇ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਲਈ ਅੱਜ ਆਪਣੀ 15 ਮੈਂਬਰੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਵੀ ਇਸ ਟੀਮ ਦਾ ਹਿੱਸਾ ਹੋਵੇਗਾ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਦਾ ਮੈਂਟਰ ਨਿਯੁਕਤ ਕੀਤਾ ਹੈ। ਅਸ਼ਿਵਨ ਤੋਂ ਇਲਾਵਾ ਇਸ਼ਾਨ ਕਿਸ਼ਨ, ਅਕਸਰ ਪਟੇਲ ਅਤੇ ਵਰੁਣ ਚੱਕਰਵਰਤੀ ਨੂੰ ਵੀ ਟੀਮ ਵਿੱਚ ਥਾਂ ਦਿੱਤੀ ਗਈ ਹੈ। 34 ਸਾਲ ਦੇ ਅਸ਼ਿਵਨ ਦੀ ਚਾਰ ਸਾਲ ਮਗਰੋਂ ਸੀਮਤ ਓਵਰਾਂ ਦੀ ਕ੍ਰਿਕਟ ਟੀਮ ਵਿੱਚ ਵਾਪਸੀ ਹੋਈ ਹੈ। ਉਸ ਨੇ ਆਪਣਾ ਆਖ਼ਰੀ ਟੀ-20 ਮੈਚ 9 ਜੁਲਾਈ 2017 ਨੂੰ ਖੇਡਿਆ ਸੀ। ਕਿਸ਼ਨ ਅਤੇ ਚੱਕਰਵਰਤੀ ਨੇ ਆਈਪੀਐੱਲ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਕਾਰਨ ਉਸ ਨੂੰ ਟੀਮ ਵਿੱਚ ਲਿਆ ਗਿਆ। ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਓਮਾਨ ਵਿੱਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਿਵਨ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ ਸ਼ਾਮਲ ਹਨ। -ਪੀਟੀਆਈ