ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਚਾਰ ਭਾਰਤੀ ਮੁੱਕੇਬਾਜ਼ਾਂ ਨੂੰ ਖੇਡ ਮੰਤਰਾਲੇ ਦੀ ਟਾਰਗੈਟ ਓਲੰਪਿਕ ਪੋਡੀਅਮ ਯੋਜਨਾ (ਟੌਪਸ) ਵਿਚ ਸ਼ਾਮਲ ਕੀਤਾ ਗਿਆ ਹੈ। ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਵਿਚ ਹੁਣ ਦੋ ਔਰਤਾਂ ਤੇ ਦੋ ਪੁਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਔਰਤਾਂ ਦੇ ਵਰਗ ਵਿਚ ਵਿਸ਼ਵ ਦੀ ਕਾਂਸਾ ਤਗਮਾਧਾਰਕ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿਲੋ), ਏਸ਼ੀਅਨ ਤਗਮਾਧਾਰਕ ਪੂਜਾ ਰਾਣੀ (75 ਕਿਲੋ) ਨੂੰ ਸ਼ਾਮਲ ਕੀਤਾ ਗਿਆ ਹੈ, ਪੁਰਸ਼ ਵਰਗ ਵਿਚ ਏਸ਼ਿਆਈ ਖੇਡਾਂ ਦੇ ਚਾਂਦੀ ਤਗਮਾ ਜੇਤੂ ਆਸ਼ੀਸ਼ ਕੁਮਾਰ ਤੇ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਸਤੀਸ਼ ਕੁਮਾਰ ਸ਼ਾਮਲ ਹੋਣਗੇ। ਸਾਈ ਅਧਿਕਾਰੀਆਂ ਨੇ ਦੱਸਿਆ ਕਿ ਲਵਲੀਨਾ ਅਤੇ ਕਾਵਿੰਦਰ ਸਿੰਘ ਬਿਸ਼ਟ ਕੋਰ ਗਰੁੱਪ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਨਿਕਿਤ ਜ਼ਰੀਨ, ਸੋਨੀਆ ਚਹਿਲ, ਸ਼ਿਵਾ ਥਾਪਾ ਨੂੰ ਟੌਪਸ ਡਿਵੈਲਪਮੈਂਟ ਗਰੁੱਪ ਵਲੋਂ ਕੋਰ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਖਿਡਾਰੀ ਅਰਪਿੰਦਰ ਨੇ ਚੋਣ ਕਰਨ ਤੇ ਕੋਰ ਕਮੇਟੀ ਤੋਂ ਬਾਹਰ ਕੀਤੇ ਜਾਣ ’ਤੇ ਸਵਾਲ ਉਠਾਏ ਹਨ। -ਪੀਟੀਆਈ