ਲੰਡਨ: ਵੈਸਟਇੰਡੀਜ਼ ਦੇ ਉੱਘੇ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਦਾ ਮੰਨਣਾ ਹੈ ਕਿ ਨਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਅਸੰਭਵ ਹੈ। ਉਸਨੇ ਕਿਹਾ ਕਿ ਨਸਲੀ ਭੇਦਭਾਵ ਦੇ ਖ਼ਿਲਾਫ਼ ਸਮਰਥਨ ਪ੍ਰਗਟਾਉਣ ਲਈ ਇੱਕ ਗੋਡੇ ਦੇ ਭਾਰ ਬੈਠਣ ਦਾ ਭਾਵ ਇਹ ਹੈ ਕਿ ਪ੍ਰਦਰਸ਼ਨ ਰਸਮੀ ਨਹੀਂ ਹੋਣਾ ਚਾਹੀਦਾ। ਹੋਲਡਿੰਗ ਅਫਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੀ ਪਹਿਲੀ ਬਰਸੀ ਮੌਕੇ ਸਕਾਈ ਸਪੋਰਟਸ ਦੇ ਪ੍ਰੋਗਰਾਮ ‘ਦਿ ਕ੍ਰਿਕਟ ਸ਼ੋਅ’ ਵਿੱਚ ਬੋਲ ਰਿਹਾ ਸੀ। ਫਲਾਇਡ ਨੂੰ ਪਿਛਲੇ ਸਾਲ ਮਿਨਸੋਟਾ ਵਿੱਚ ਇੱਕ ਗੋਰੇ ਪੁਲੀਸ ਮੁਲਾਜ਼ਮ ਨੇ ਮਾਰ ਦਿੱਤਾ ਸੀ। ਹੋਲਡਿੰਗ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਅਤੇ ਮਹਿਲਾ ਕੌਮਾਂਤਰੀ ਖਿਡਾਰਨ ਇਬੋਨੀ ਰੈਨਫੋਰਡ ਬਰੈਂਟ ਨਾਲ ਪੈਨਲ ਵਿੱਚ ਚਰਚਾ ਕਰ ਰਿਹਾ ਸੀ। -ਪੀਟੀਆਈ