ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਵਿਸ਼ਵ ਦਰਜਾਬੰਦੀ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੱਕ ਸਥਾਨ ਖਿਸਕ ਕੇ ਸੱਤਵੇਂ ਨੰਬਰ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਦਾ ਮਾਰਨਸ ਲਾਬੂਸ਼ੇਨ ਐਸ਼ੇਜ਼ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੂੰ ਹਟਾ ਕੇ ਅੱਵਲ ਨੰਬਰ ਬੱਲੇਬਾਜ਼ ਬਣ ਗਿਆ। ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਗੇਂਦਬਾਜ਼ਾਂ ਵਿੱਚ ਰਵੀਚੰਦਰਨ ਅਸ਼ਿਵਨ ਹੁਣ ਵੀ ਆਸਟਰੇਲੀਆ ਦੇ ਕਪਤਾਨ ਪੈਟ ਕਮਿਨਸ ਮਗਰੋਂ ਦੂਜੇ ਸਥਾਨ ’ਤੇ ਬਰਕਰਾਰ ਹੈ। ਕੋਹਲੀ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿੱਚ ਖੇਡਿਆ ਸੀ, ਉਹ ਪਹਿਲਾਂ ਛੇਵੇਂ ’ਤੇ ਸਥਾਨ ਸੀ। ਟੀ-20 ਕੌਮਾਂਤਰੀ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਮੁੜ ਤੋਂ ਅੱਵਲ ਨੰਬਰ ਸਥਾਨ ਹਾਸਲ ਕੀਤਾ ਹੈ। ਉਹ ਪਹਿਲਾ ਸਥਾਨ ਗੁਆਉਣ ਤੋਂ ਇੱਕ ਹਫ਼ਤੇ ਮਗਰੋਂ ਇਸ ਨੂੰ ਵਾਪਸ ਪਾਉਣ ਵਿੱਚ ਸਫਲ ਰਿਹਾ। ਡੇਵਿਡ ਮਲਾਨ ਦੂਜੇ ਅਤੇ ਮੁਹੰਮਦ ਰਿਜਵਾਨ ਤੀਜੇ ਸਥਾਨ ’ਤੇ ਹਨ। ਭਾਰਤ ਦਾ ਕੇਐੱਲ ਰਾਹੁਲ ਪੰਜਵੇਂ ਨੰਬਰ ’ਤੇ ਹੈ। -ਪੀਟੀਆਈ