ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਨੌਟਿੰਘਮ ਵਿੱਚ ਪਹਿਲੇ ਟੈਸਟ ਮੈਚ ਵਿੱਚ ਹੌਲੀ ਰਫ਼ਤਾਰ ਨਾਲ ਓਵਰ ਸੁੱਟਣ ਕਾਰਨ ਭਾਰਤ ਅਤੇ ਇੰਗਲੈਂਡ ਦੋਵਾਂ ਟੀਮਾਂ ਨੂੰ ਮੈਚ ਫ਼ੀਸ ਦਾ 40 ਫ਼ੀਸਦੀ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੋ-ਦੋ ਅੰਕ ਵੀ ਕੱਟ ਲਏ ਹਨ। ਇਨ੍ਹਾਂ ਦੋਵਾਂ ਟੀਮਾਂ ਨੇ ਤੈਅ ਸਮੇਂ ਵਿੱਚ ਦੋ-ਦੋ ਓਵਰ ਘੱਟ ਸੁੱਟੇ ਸਨ, ਜਿਸ ਮਗਰੋਂ ਆਈਸੀਸੀ ਮੈਚ ਰੈਫਰੀ ਕ੍ਰਿਸ ਬਰੌਡ ਨੇ ਉਨ੍ਹਾਂ ਨੂੰ ਇਹ ਜੁਰਮਾਨਾ ਲਾਇਆ। ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਆਈਸੀਸੀ ਜ਼ਾਬਤੇ ਦੀ ਉਲੰਘਣਾ ਦੀ ਧਾਰਾ 2.22 ਮੁਤਾਬਕ ਤੈਅ ਸਮੇਂ ਵਿੱਚ ਇੱਕ ਓਵਰ ਘੱਟ ਸੁੱਟਣ ਕਾਰਨ ਖਿਡਾਰੀਆਂ ’ਤੇ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਜਾਵੇਗਾ। ਇਸ ਤੋਂ ਇਲਾਵਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਬਣਾਏ ਨਿਯਮਾਂ ਮੁਤਾਬਕ ਤੈਅ ਸਮੇਂ ਵਿੱਚ ਇੱਕ ਓਵਰ ਘੱਟ ਸੁੱਟਣ ’ਤੇ ਟੀਮ ਦਾ ਇੱਕ ਅੰਕ ਕੱਟ ਲਿਆ ਜਾਵੇਗਾ। -ਪੀਟੀਆਈ