ਪਾਲ ਸਿੰਘ ਨੌਲੀ
ਜਲੰਧਰ, 24 ਅਕਤੂਬਰ
ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਏਅਰ ਫੋਰਸ ਨੂੰ 4-3 ਦੇ ਫ਼ਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਜੇਤੂ ਸ਼ੁਰੂਆਤ ਕੀਤੀ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਚ ਜਾਰੀ ਟੂਰਨਾਮੈਂਟ ਦੇ ਦੂਜੇ ਦਿਨ ਬਿਹਤਰੀਨ ਹਾਕੀ ਦੇਖਣ ਨੂੰ ਮਿਲੀ। ਦੂਜੇ ਮੈਚ ਵਿੱਚ ਭਾਰਤੀ ਰੇਲਵੇ ਨੇ ਸੀਆਰਪੀਐੱਫ ਨੂੰ 4-2 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਇਸ ਤੋਂ ਇਲਾਵਾ ਪੂਲ ਸੀ ਦੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਏਅਰ ਫੋਰਸ ਦਿੱਲੀ ਨੂੰ 4-3 ਦੇ ਫ਼ਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਖੇਡ ਦੇ ਅੱਧੇ ਸਮੇਂ ਤੱਕ ਏਅਰ ਫੋਰਸ 2-0 ਨਾਲ ਅੱਗੇ ਸੀ। ਤੀਜੇ ਕੁਆਰਟਰ ਦੇ 41ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-3 ਕੀਤਾ। 56ਵੇਂ ਮਿੰਟ ਵਿੱਚ ਬੈਂਕ ਦੇ ਰਜਤ ਮਿੰਜ ਨੇ ਮੈਦਾਨੀ ਗੋਲ ਨਾਲ ਬਰਾਬਰੀ ਕਰਕੇ ਸਕੋਰ 3-3 ਕੀਤਾ। ਅਗਲੇ ਹੀ ਮਿੰਟ ਬੈਂਕ ਦੇ ਹਰਮਨਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਬੈਂਕ ਨੂੰ 4-3 ਨਾਲ ਅੱਗੇ ਕਰ ਦਿੱਤਾ। ਇਸ ਜਿੱਤ ਨਾਲ ਬੈਂਕ ਨੇ ਤਿੰਨ ਅੰਕ ਹਾਸਲ ਕੀਤੇ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਡਿਪਟੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਪ੍ਰਵੀਨ ਕੁਮਾਰ ਮੋਂਗੀਆ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਰਾਜੇਸ਼ ਮਲਹੋਤਰਾ, ਐੱਲਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ ਤੇ ਅਮੋਲਕ ਸਿੰਘ ਗਾਖਲ ਹਾਜ਼ਰ ਸਨ। ਭਲਕੇ ਬਾਅਦ ਦੁਪਹਿਰ 2 ਵਜੇ ਆਰਮੀ ਇਲੈਵਨ ਦਿੱਲੀ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ 3.30 ਵਜੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਇੰਡੀਅਨ ਨੇਵੀ ਮੁੰਬਈ ਦੇ ਮੈਚ ਹੋਣਗੇ।