ਟੋਕੀਓ, 3 ਅਗਸਤ
ਵਿਸ਼ਵ ਚੈਂਪੀਅਨ ਬੈਲਜੀਅਮ ਨੇ ਭਾਰਤੀ ਹਾਕੀ ਟੀਮ ਦਾ 41 ਸਾਲ ਮਗਰੋਂ ਓਲੰਪਿਕ ਸੋਨ ਤਗ਼ਮਾ ਜਿੱਤਣ ਦਾ ਸੁਪਨਾ ਤੋੜ ਦਿੱਤਾ ਹੈ। ਭਾਰਤੀ ਟੀਮ ਨੂੰ ਅੱਜ ਇਥੇ ਪਹਿਲੇ ਸੈਮੀ-ਫਾਈਨਲ ਵਿਚ ਵਿਸ਼ਵ ਚੈਂਪੀਅਨ ਤੋਂ 5-2 ਨਾਲ ਹਾਰ ਝੱਲਣੀ ਪਈ। ਉਂਜ ਖ਼ੁਸ਼ਖ਼ਬਰ ਹੈ ਕਿ ਭਾਰਤੀ ਟੀਮ ਦੀ ਟੋਕੀਓ ਖੇਡਾਂ ਵਿੱਚ ਕਾਂਸੇ ਦੇ ਤਗ਼ਮੇ ਦੀ ਉਮੀਦ ਅਜੇ ਵੀ ਕਾਇਮ ਹੈ। ਭਾਰਤ 5 ਅਗਸਤ ਨੂੰ ਕਾਂਸੀ ਦੇ ਤਗ਼ਮੇ ਲਈ ਜਰਮਨੀ ਨਾਲ ਮੱਥਾ ਲਾਏਗਾ। ਦੂਜੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਨੇ ਜਰਮਨੀ ਨੂੰ 3-1 ਦੀ ਸ਼ਿਕਸਤ ਦਿੰਦਿਆਂ ਸੋਨ ਤਗ਼ਮੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਬੈਲਜੀਅਮ ਤੇ ਆਸਟਰੇਲੀਆ ਦਰਮਿਆਨ ਖਿਤਾਬੀ ਮੁਕਾਬਲਾ ਵੀਰਵਾਰ ਨੂੰ ਖੇਡਿਆ ਜਾਵੇਗਾ।
ਬੈਲਜੀਅਮ ਖਿਲਾਫ਼ ਮੁਕਾਬਲੇ ਦੌਰਾਨ ਇਕ ਵੇਲੇ 2-1 ਦੇ ਸਕੋਰ ਨਾਲ ਭਾਰਤੀ ਟੀਮ ਦਾ ਹੱਥ ਉਪਰ ਸੀ, ਪਰ ਚੌਥੇ ਤੇ ਆਖਰੀ ਕੁਆਰਟਰ ਵਿੱਚ 11 ਮਿੰਟਾਂ ਦੇ ਵਕਫ਼ੇ ਵਿੱਚ ਤਿੰਨ ਗੋਲ ਗੁਆਉਣ ਦਾ ਉਸ ਨੂੰ ਖ਼ਮਿਆਜ਼ਾ ਭੁਗਤਨਾ ਪਿਆ। ਵਿਸ਼ਵ ਚੈਂਪੀਅਨ ਬੈਲਜੀਅਮ ਵੱਲੋਂ ਐਲੇਗਜ਼ੈਂਡਰ ਹੈਂਡ੍ਰਿਕਸ (19ਵੇਂ, 49ਵੇਂ ਅਤੇ 53ਵੇਂ ਮਿੰਟ) ਨੇ ਗੋਲਾਂ ਦੀ ਹੈਟ੍ਰਿਕ ਲਾਈ, ਜਦੋਂਕਿ ਲੋਇਕ ਫੈਨੀ ਲਾਇਪਰਟ (ਦੂਜੇ ਮਿੰਟ) ਅਤੇ ਜੌਹਨ ਡੋਹਮੈਨ (60ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾ ਕੇ ਉਸ ਦਾ ਸਾਥ ਦਿੱਤਾ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਮਨਦੀਪ ਸਿੰਘ ਨੇ 8ਵੇਂ ਮਿੰਟ ਵਿੱਚ ਗੋਲ ਕੀਤੇ। ਬੈਲਜੀਅਮ ਰੀਓ ਓਲੰਪਿਕ ਦੀ ਉਪ ਜੇਤੂ ਹੈ। ਇਸ ਜਿੱਤ ਨਾਲ ਉਸ ਨੇ ਲਗਾਤਾਰ ਦੂਜੀ ਵਾਰ ਓਲੰਪਿਕ ਫਾਈਨਲ ਵਿੱਚ ਥਾਂ ਬਣਾਈ ਹੈ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ, ਜਿਸ ਨੇ ਜਰਮਨੀ ਨੂੰ 3-1 ਨਾਲ ਹਰਾਇਆ ਹੈ। ਭਾਰਤ ਨੇ ਆਖ਼ਰੀ ਵਾਰ ਮਾਸਕੋ ਓਲੰਪਿਕ-1980 ਵਿੱਚ ਹਾਕੀ ’ਚ ਸੋਨ ਤਗ਼ਮਾ ਜਿੱਤਿਆ ਸੀ।
ਸੈਮੀ-ਫਾਈਨਲ ਵਿੱਚ ਮਿਲੀ ਹਾਰ ਲਈ ਭਾਰਤੀ ਟੀਮ ਹੀ ਦੋਸ਼ੀ ਰਹੀ ਕਿਉਂਕਿ ਬੈਲਜੀਅਮ ਨੇ ਚਾਰ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਵਿਸ਼ਵ ਚੈਂਪੀਅਨ ਟੀਮ ਨੇ ਭਾਰਤੀ ਡਿਫੈਂਸ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ ਅਤੇ 14 ਪੈਨਲਟੀ ਕਾਰਨਰ ਹਾਸਲ ਕੀਤੇ। ਇਨ੍ਹਾਂ ਵਿੱਚੋਂ ਚਾਰ ਨੂੰ ਉਸ ਨੇ ਗੋਲ ਵਿੱਚ ਤਬਦੀਲ ਕੀਤਾ। ਇਕ ਗੋਲ ਪੈਨਲਟੀ ਸਟਰੋਕ ’ਤੇ ਆਇਆ। ਬੈਲਜੀਅਮ ਦੀ ਸ਼ੁਰੂ ਤੋਂ ਹੀ ਰਣਨੀਤੀ ਸਪਸ਼ਟ ਸੀ ਕਿ ਭਾਰਤੀ ਸਰਕਲ ਵਿੱਚ ਸੰਨ੍ਹ ਲਾ ਕੇ ਪੈਨਲਟੀ ਕਾਰਨਰ ਹਾਸਲ ਕਰਨਾ ਹੈ। ਪੈਨਲਟੀ ਕਾਰਨਰ ਮਾਹਿਰ ਹੈਂਡ੍ਰਿਕਸ ਅਤੇ ਲਾਇਪਰਟ ਨੇ ਵੀ ਆਪਣੀ ਟੀਮ ਨੂੰ ਨਿਰਾਸ਼ ਨਹੀਂ ਕੀਤਾ। ਮੈਚ ਦੌਰਾਨ ਭਾਰਤ ਨੇ ਵੀ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਇਨ੍ਹਾਂ ਵਿੱਚੋਂ ਉਹ ਸਿਰਫ਼ ਇੱਕ ਦਾ ਹੀ ਫ਼ਾਇਦਾ ਉਠਾ ਸਕਿਆ। ਭਾਰਤ ਨੇ ਦੋ ਗੋਲ ਨਾਲ ਪੱਛੜਣ ਮਗਰੋਂ ਗੋਲਕੀਪਰ ਸ੍ਰੀਜੇਸ਼ ਨੂੰ ਹਟਾ ਦਿੱਤਾ, ਪਰ ਉਸ ਦਾ ਇਹ ਫ਼ੈਸਲਾ ਗ਼ਲਤ ਸਾਬਤ ਹੋਇਆ। -ਪੀਟੀਆਈ
ਨਿਰਾਸ਼ ਹੋਣ ਦਾ ਸਮਾਂ ਨਹੀਂ: ਮਨਪ੍ਰੀਤ
ਟੋਕੀਓ: ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਸਟਾਰ ਗੋਲਕੀਪਰ ਪੀ.ਆਰ. ਸ੍ਰੀਜੇਸ਼ ਦਾ ਕਹਿਣਾ ਹੈ ਕਿ ਟੀਮ ਕੋਲ ਬੈਲਜੀਅਮ ਖ਼ਿਲਾਫ਼ ਦਿਲ ਤੋੜਨ ਵਾਲੀ ਹਾਰ ਬਾਰੇ ਸੋਚਣ ਦਾ ਸਮਾਂ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਆਪਣਾ ਸਾਰਾ ਧਿਆਨ ਵੀਰਵਾਰ ਨੂੰ ਕਾਂਸੀ ਦੇ ਤਗ਼ਮੇ ਲਈ ਹੋਣ ਵਾਲੇ ਮੈਚ ’ਤੇ ਕੇਂਦਰਤ ਕਰਨਾ ਹੋਵੇਗਾ। ਮਨਪ੍ਰੀਤ ਨੇ ਕਿਹਾ, “ਫਿਲਹਾਲ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਹਨ ਕਿਉਂਕਿ ਅਸੀਂ ਜਿੱਤ ਦੀ ਮਾਨਸਿਕਤਾ ਲੈ ਕੇ ਆਏ ਸੀ, ਪਰ ਬਦਕਿਸਮਤੀ ਨਾਲ ਅਸੀਂ ਮੈਚ ਨਹੀਂ ਜਿੱਤ ਸਕੇ। ਹੁਣ ਸਾਨੂੰ ਕਾਂਸੀ ਦੇ ਤਗਮੇ ਦੇ ਮੈਚ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਸਾਨੂੰ ਇਹ ਤਗ਼ਮਾ ਜਿੱਤਣ ਦੀ ਜ਼ਰੂਰਤ ਹੈ।’’