ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਮੈਚ ਦੇ ਅੰਤ ਵਿਚ ਇਕ ਗੋਲ ਗੁਆਉਣ ਕਾਰਨ ਅੱਜ ਉਸ ਨੂੰ ਇੱਥੇ ਸਪੇਨ ਖ਼ਿਲਾਫ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐਫਆਈਐਚ ਪ੍ਰੋ ਲੀਗ ਵਿਚ ਇਹ ਭਾਰਤ ਦੀ ਪਹਿਲੀ ਹਾਰ ਹੈ। ਦੁਨੀਆ ਦੀ ਨੌਂਵੇ ਨੰਬਰ ਦੀ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦੋ ਮੁਕਾਬਲਿਆਂ ਦੇ ਪਹਿਲੇ ਮੈਚ ਵਿਚ ਸਪੇਨ ਨੂੰ ਹਰਾਇਆ ਸੀ ਜੋ ਦਰਜਾਬੰਦੀ ਵਿਚ ਛੇਵੇਂ ਸਥਾਨ ਉਤੇ ਹੈ। ਮੈਚ ਖਤਮ ਹੋਣ ਮਗਰੋਂ ਜਦ ਮਹਿਜ਼ 35 ਸਕਿੰਟ ਦਾ ਸਮਾਂ ਬਚਿਆ ਸੀ ਉਦੋਂ ਜਾਂਟਾਲ ਜਿਨੇ ਨੇ ਸਪੇਨ ਲਈ ਜੇਤੂ ਗੋਲ ਕੀਤਾ। ਇਸ ਤੋਂ ਪਹਿਲਾਂ ਉਸ ਲਈ ਬੇਗੋਨਾ ਗਾਰਸੀਆ ਨੇ ਚੌਥੇ ਤੇ 24ਵੇਂ ਮਿੰਟ ਵਿਚ ਦੋ ਗੋਲ ਕੀਤੇ। ਇਕ ਗੋਲ ਸਪੇਨ ਨੇ 15ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਕੀਤਾ। ਭਾਰਤ ਲਈ ਪਹਿਲਾ ਮੈਚ ਖੇਡ ਰਹੀ ਸੰਗੀਤਾ ਕੁਮਾਰੀ ਨੇ 10ਵੇਂ, ਸਲੀਮਾ ਟੇਟੇ ਨੇ 22ਵੇਂ ਤੇ ਨਮਿਤਾ ਟੋਪੋ ਨੇ 49ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਮਸਕਟ ਵਿਚ ਸ਼ੁਰੂਆਤੀ ਮੈਚਾਂ ਵਿਚ ਚੀਨ ਨੂੰ 7-1 ਤੇ 2-1 ਨਾਲ ਹਰਾਇਆ ਸੀ। ਦੂਜੇ ਪਾਸੇ ਭਾਰਤੀ ਪੁਰਸ਼ ਹਾਕੀ ਟੀਮ ਪ੍ਰੋ ਲੀਗ ਦੇ ਦੋ ਮੈਚਾਂ ਦੇ ਮੁਕਾਬਲੇ ਵਿਚ ਦੂਜਾ ਮੈਚ ਐਤਵਾਰ ਨੂੰ ਇੱਥੇ ਸਪੇਨ ਤੋਂ 3-5 ਨਾਲ ਹਾਰ ਗਈ। ਭਾਰਤ ਨੇ ਸ਼ਨਿਚਰਵਾਰ ਪਹਿਲੇ ਗੇੜ ਦੇ ਮੈਚ ਵਿਚ ਸਪੇਨ ਨੂੰ 5-4 ਨਾਲ ਹਰਾਇਆ ਸੀ। -ਪੀਟੀਆਈ