ਪਾਲ ਿਸੰਘ ਨੌਲੀ
ਜਲੰਧਰ, 26 ਅਕਤੂਬਰ
ਇੰਡੀਅਨ ਆਇਲ ਮੁੰਬਈ ਨੇ ਭਾਰਤੀ ਨੇਵੀ ਮੁੰਬਈ ਨੂੰ 5-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕਰਦੇ ਹੋਏ ਜੇਤੂ ਸ਼ੁਰੂਆਤ ਕੀਤੀ। ਜਲੰਧਰ ਛਾਉਣੀ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਜਾਰੀ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਸੀਆਰਪੀਐੱਫ ਦਿੱਲੀ ਨੇ ਸੀਏਜੀ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਾਜਨ ਬੇਰੀ ਇੰਡੀਅਨ ਆਇਲ ਅਤੇ ਸ਼ਸ਼ੀ ਸ਼ਰਮਾ (ਕੈਨੇਡਾ) ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਪੂਲ ‘ਏ’ ਦੇ ਮੈਚ ਵਿੱਚ ਇੰਡੀਅਨ ਆਇਲ ਨੂੰ ਪਹਿਲੇ ਦੋ ਕੁਆਰਟਰਾਂ ਵਿੱਚ ਭਾਰਤੀ ਨੇਵੀ ਨੇ ਕਾਫੀ ਟੱਕਰ ਦਿੱਤੀ, ਪਰ ਬਾਅਦ ਵਿੱਚ ਇੰਡੀਅਨ ਆਇਲ ਨੇ ਤੇਜ਼ ਤਰਾਰ ਹਾਕੀ ਦੀ ਬਦੌਲਤ ਮੈਚ 5-2 ਨਾਲ ਜਿੱਤਿਆ। ਇੰਡੀਅਨ ਆਇਲ ਵੱਲੋਂ 23ਵੇ ਮਿੰਟ ਵਿੱਚ ਅਰਮਾਨ ਕੁਰੈਸ਼ੀ ਨੇ ਗੋਲ ਕਰਕੇ ਖਾਤਾ ਖੋਲ੍ਹਿਆ। 36ਵੇਂ ਮਿੰਟ ਵਿੱਚ ਜੁਗਰਾਜ ਸਿੰਘ ਨੇ ਭਾਰਤੀ ਨੇਵੀ ਲਈ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 38ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। 40ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਜੁਗਰਾਜ ਸਿੰਘ ਨੇ ਇਕ ਵਾਰ ਫਿਰ ਗੋਲ ਕਰਕੇ ਟੀਮ ਨੂੰ 2-2 ਦੀ ਬਰਾਬਰੀ ’ਤੇ ਲੈ ਆਂਦਾ। ਇੰਡੀਅਨ ਆਇਲ ਵਲੋਂ 48ਵੇਂ ਅਤੇ 49ਵੇਂ ਮਿੰਟ ਵਿੱਚ ਸੁਮਿਤ ਕੁਮਾਰ ਨੇ ਅਤੇ 56ਵੇਂ ਮਿੰਟ ਵਿੱਚ ਰਘੂਨਾਥ ਨੇ ਗੋਲ ਕਰਕੇ ਸਕੋਰ 5-2 ਕਰਕੇ ਜਿੱਤ ਹਾਸਲ ਕੀਤੀ ਅਤੇ ਤਿੰਨ ਅੰਕ ਹਾਸਲ ਕੀਤੇ। ਭਾਰਤੀ ਨੇਵੀ ਲਗਾਤਾਰ ਦੋ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਟੀਮ ਪਹਿਲਾ ਮੈਚ ਪੰਜਾਬ ਨੈਸ਼ਨਲ ਬੈਂਕ ਤੋਂ 2-3 ਦੇ ਫਰਕ ਨਾਲ ਹਾਰ ਗਈ ਸੀ। ਦੂਜਾ ਮੈਚ ਪੂਲ ‘ਡੀ’ ਵਿੱਚ ਸੀਏਜੀ ਦਿੱਲੀ ਅਤੇ ਸੀਆਰਪੀਐੱਫ ਦਰਮਿਆਨ ਖੇਡਿਆ ਗਿਆ। ਖੇਡ ਦੇ 20ਵੇਂ ਮਿੰਟ ਵਿੱਚ ਸੀਆਰਪੀਐੱਫ ਦੇ ਕੁਲਦੀਪ ਇਕਾ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 24ਵੇਂ ਮਿੰਟ ਵਿੱਚ ਸੀਆਰਪੀਐੱਫ ਦੇ ਸ਼ਮਹੇਅਰ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 32ਵੇਂ ਮਿੰਟ ਵਿੱਚ ਸੀਆਰਪੀਐੱਫ ਦੇ ਬਿਕਾਸ ਖਜੂਰ ਨੇ ਮੈਦਾਨੀ ਗੋਲ ਕਰਕੇ ਸਕੋਰ 3-0 ਕੀਤਾ।
55ਵੇਂ ਮਿੰਟ ਵਿੱਚ ਸੀਏਜੀ ਦਿੱਲੀ ਦੇ ਮੁਹੰਮਦ ਨਈਮਉਦੀਨ ਨੇ ਗੋਲ ਕਰਕੇ ਸਕੋਰ 1-3 ਕੀਤਾ। 59ਵੇਂ ਮਿੰਟ ਵਿਚ ਸੀਏਜੀ ਦਿੱਲੀ ਵਲੋਂ ਨਿਤਿਨ ਥਮਈਆ ਨੇ ਗੋਲ ਕਰਕੇ ਸਕੋਰ 2-3 ਕੀਤਾ। 60ਵੇਂ ਮਿੰਟ ਵਿੱਚ ਸੀਆਰਪੀਐੱਫ ਵੱਲੋਂ ਲਵਜੀਤ ਸਿੰਘ ਨੇ ਗੋਲ ਕਰਕੇ ਸਕੋਰ 4-2 ਕੀਤਾ। ਇਸ ਜਿੱਤ ਨਾਲ ਸੀਆਰਪੀਐੱਫ ਨੇ ਤਿੰਨ ਅੰਕ ਹਾਸਲ ਕਰ ਲਏ।