ਬਰਮਿੰਘਮ, 3 ਅਗਸਤ
ਮੁੱਖ ਅੰਸ਼
- ਕੈਨੇਡਾ ਨੂੰ 3-2 ਨਾਲ ਹਰਾਇਆ
- ਪੁਰਸ਼ਾਂ ਦੀ ਟੀਮ ਨੇ ਵੀ ਜਿੱਤ ਦਰਜ ਕਰ ਕੇ ਸੈਮੀਫਾਈਨਲ ਲਈ ਦਾਅਵਾ ਮਜ਼ਬੂਤ ਕੀਤਾ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਪੂਲ ‘ਏ’ ਦੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਕਰੜੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਆਪਣੇ ਤੋਂ ਘੱਟ ਰੈਕਿੰਗ ਵਾਲੀ ਕੈਨੇਡਾ ਦੀ ਟੀਮ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਭਾਰਤੀ ਟੀਮ ਵੱਲੋਂ ਸਲੀਮਾ ਟੇਟੇ ਤੇ ਨਵਨੀਤ ਕੌਰ ਨੇ ਪਹਿਲੇ ਦੋ ਗੋਲ ਕੀਤੇ। 22ਵੇਂ ਮਿੰਟ ਤੱਕ ਭਾਰਤੀ ਟੀਮ ਚੰਗੀ ਸਥਿਤੀ ਵਿਚ ਨਜ਼ਰ ਆ ਰਹੀ ਸੀ। ਕੈਨੇਡਾ ਦੀ ਟੀਮ ਨੇ ਹਾਲਾਂਕਿ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ 23ਵੇਂ ਤੇ 39ਵੇਂ ਮਿੰਟ ਵਿਚ ਗੋਲ ਦਾਗ ਦਿੱਤੇ। ਭਾਰਤ ਵੱਲੋਂ ਤੀਜਾ ਗੋਲ ਲਾਲਰੇਮਸਿਆਮੀ ਨੇ ਕੀਤਾ। ਇਸ ਤੋਂ ਪਹਿਲਾਂ ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿਚ ਅੱਜ ਕੈਨੇਡਾ ਨੂੰ 8-0 ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਪੁਖ਼ਤਾ ਕਰ ਲਿਆ ਹੈ। ਭਾਰਤੀ ਟੀਮ ਨੇ ਪਹਿਲੇ ਹੀ ਕੁਆਰਟਰ ਤੋਂ ਹਮਲਾਵਰ ਖੇਡ ਦਿਖਾਈ ਦੇ ਦੋ ਗੋਲ ਦਾਗ ਦਿੱਤੇ। ਦੂਜੇ ਕੁਆਰਟਰ ਵਿਚ ਦੋ, ਤੀਜੇ ਵਿਚ ਇਕ ਤੇ ਚੌਥੇ ਕੁਆਰਟਰ ਵਿਚ ਤਿੰਨ ਗੋਲ ਕੀਤੇ ਗਏ। ਭਾਰਤ ਵੱਲੋਂ ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ ਤੇ ਅਮਿਤ ਰੋਹਿਤਦਾਸ ਨੇ ਇਕ-ਇਕ ਗੋਲ ਕੀਤਾ। -ਪੀਟੀਆਈ