ਬਰਮਿੰਘਮ, 1 ਅਗਸਤ
ਆਖਰੀ ਕੁਆਰਟਰ ’ਚ ਜ਼ਿਆਦਾ ਸਮਾਂ ਨੌਂ ਖਿਡਾਰੀਆਂ ਨਾਲ ਖੇਡਣ ਦਾ ਖਮਿਆਜ਼ਾ ਭਾਰਤ ਨੂੰ ਭੁਗਤਨਾ ਪਿਆ ਅਤੇ ਤਿੰਨ ਗੋਲ ਗੁਆਉਣ ਕਾਰਨ ਰਾਸ਼ਟਰ ਮੰਡਲ ਖੇਡਾਂ ਦੇ ਆਪਣੇ ਦੂਜੇ ਮੈਚ ’ਚ ਇੰਗਲੈਂਡ ਨਾਲ 4-4 ਦਾ ਡਰਾਅ ਖੇਡਿਆ।
ਭਾਰਤੀ ਟੀਮ ਇੱਕ ਸਮੇਂ 4-1 ਨਾਲ ਅੱਗੇ ਸੀ ਪਰ ਇੰਗਲੈਂਡ ਨੇ ਆਖਰੀ ਕੁਆਰਟਰ ’ਚ ਤਿੰਨ ਗੋਲ ਕਰਕੇ ਖੇਡ ਦਾ ਪਾਸਾ ਪਲਟ ਦਿੱਤਾ। ਭਾਤਰ ਦੇ ਗੁਰਜੰਟ ਸਿੰਘ ਨੂੰ ਆਖਰੀ ਕੁਆਰਟਰ ’ਚ ਪੀਲਾ ਕਾਰਡ ਮਿਲਿਆ ਜਦਕਿ ਵਰੁਣ ਕੁਮਾਰ ਨੂੰ ਦੋ ਪੀਲੇ ਕਾਰਡ ਦੇਖਣ ਕਾਰਨ ਬਾਹਰ ਹੋਣਾ ਪਿਆ। ਭਾਰਤ ਲਈ ਮਨਦੀਪ ਸਿੰਘ ਨੇ ਦੋ। ਹਰਮਨਪ੍ਰੀਤ ਸਿੰਘ ਅਤੇ ਲਲਿਤ ਉਪਾਧਿਆਏ ਨੇ 1-1 ਗੋਲ ਕੀਤਾ। ਇੰਗਲੈਂਡ ਲਈ ਨਿਕੋਲਸ ਬੈਂਡੁਰਕ ਨੇ ਦੋ, ਲਿਆਮ ਅੰਸੇਲ ਅਤੇ ਫਿਲਿਪ ਰੋਪੇਰ ਨੇ ਇੱਕ-ਇੱਕ ਗੋਲ ਦਾਗਿਆ। ਇੰਗਲੈਂਡ ਨੇ ਇਸ ਦੇ ਨਾਲ ਹੀ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ ਭਾਰਤ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਪੂਲ ‘ਬੀ’ ਦੇ ਪਹਿਲੇ ਮੈਚ ’ਚ ਭਾਰਤ ਨੇ ਘਾਨਾ ਨੂੰ 11-0 ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਸ਼ਟਰਮੰਡਲ ਖੇਡਾਂ ਦੇ ਪੂਲ ਬੀ ਦੇ ਪੁਰਸ਼ਾਂ ਦੇ ਇਸ ਹਾਕੀ ਮੁਕਾਬਲੇ ਵਿਚ ਭਾਰਤ ਨੇ ਘਾਨਾ ਨੂੰ 11-0 ਨਾਲ ਮਾਤ ਦੇ ਦਿੱਤੀ ਸੀ। ਇਸ ਮੈਚ ਵਿੱਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਅਭਿਸ਼ੇਕ ਨੇ ਸ਼ੁਰੂਆਤੀ ਮਿੰਟ ਵਿਚ ਹੀ ਗੋਲ ਦਾਗ ਦਿੱਤਾ ਸੀ। ਇਸ ਤੋਂ ਬਾਅਦ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਅਭਿਸ਼ੇਕ ਤੇ ਸ਼ਮਸ਼ੇਰ ਨੇ ਬਿਹਤਰ ਤਾਲਮੇਲ ਰਾਹੀਂ ਤੀਜਾ ਗੋਲ ਕੀਤਾ। ਦੂਜੇ ਕੁਆਰਟਰ ਵਿਚ ਅਕਾਸ਼ਦੀਪ ਸਿੰਘ ਦੇ ਜੁਗਰਾਜ ਸਿੰਘ ਨੇ ਗੋਲ ਦਾਗੇ। ਹਰਮਨਪ੍ਰੀਤ ਨੇ ਤੀਜੇ ਕੁਆਰਟਰ ਵਿਚ ਦੂਜਾ ਗੋਲ ਕੀਤਾ। ਜੁਗਰਾਜ ਨੇ ਵੀ ਮੈਚ ਦੌਰਾਨ ਦੂਜਾ ਗੋਲ ਦਾਗਿਆ। ਮਨਦੀਪ ਸਿੰਘ ਨੇ ਭਾਰਤ ਵੱਲੋਂ 10ਵਾਂ ਗੋਲ ਕੀਤਾ। ਭਾਰਤ ਵਾਲੇ ਪੂਲ ਵਿਚ ਕੈਨੇਡਾ, ਇੰਗਲੈਂਡ ਤੇ ਵੇਲਜ਼ ਵੀ ਹਨ। ਭਾਰਤੀ ਪੁਰਸ਼ ਹਾਕੀ ਟੀਮ ਦਾ ਉਲੰਪਿਕਸ ਵਿਚ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਇਸ ਵਾਰ ਵੀ ਭਾਰਤੀ ਟੀਮ ਤੋਂ ਵੱਡੀਆਂ ਆਸਾਂ ਹਨ। ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਟੀਮ ਲਗਾਤਾਰ ਚੰਗਾ ਖੇਡ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਵੇਲਜ਼ ਨੂੰ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਸੀ। -ਪੀਟੀਆਈ