ਟੋਕੀਓ, 29 ਜੁਲਾਈ
ਆਖਰੀ ਮਿੰਟਾਂ ਵਿੱਚ ਉਪਰੋਥੱਲੀ ਦੋ ਗੋਲ ਕਰਨ ਵਾਲੀ ਭਾਰਤੀ ਟੀਮ ਨੇ ਰੀਓ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਪੁਰਸ਼ ਹਾਕੀ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਪਿਛਲੇ ਮੈਚ ਵਿੱਚ ਸਪੇਨ ਨੂੰ 3-0 ਦੀ ਸ਼ਿਕਸਤ ਦੇਣ ਮਗਰੋਂ ਭਾਰਤੀ ਟੀਮ ਨੇ ਅੱਜ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰੱਖਦਿਆਂ ਇਸ ਅਹਿਮ ਮੁਕਾਬਲੇ ’ਚ ਜਿੱਤ ਦਰਜ ਕੀਤੀ ਹੈ।
ਆਪਣਾ ਪਹਿਲਾ ਓਲੰਪਿਕ ਖੇਡ ਰਹੀ ਭਾਰਤ ਦੀ ‘ਨੌਜਵਾਨ ਬ੍ਰਿਗੇਡ’ ਨੇ ਇਸ ਜਿੱਤ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਈ ਤੇ ਭਾਰਤ ਨੂੰ ਹਾਕੀ ਵਿੱਚ ਚਾਰ ਦਹਾਕਿਆਂ ਮਗਰੋਂ ਓਲੰਪਿਕ ਤਗ਼ਮਾ ਜਿੱਤਣ ਦੇ ਕਰੀਬ ਲੈ ਗਈ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ 48ਵੇਂ ਮਿੰਟ ਵਿੱਚ ਮਾਇਕੋ ਕੇਸੇਲਾ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ ਤੇ 58ਵੇਂ ਮਿੰਟ ਤੱਕ ਸਕੋਰ 1-1 ਨਾਲ ਬਰਾਬਰ ਰੱਖਿਆ। ਇਸ ਮਗਰੋਂ ਭਾਰਤ ਨੇ ਦੋ ਮਿੰਟਾਂ ਅੰਦਰ ਦੋ ਗੋਲ ਜੜ ਕੇ ਸਾਬਤ ਕਰ ਦਿੱਤਾ ਕਿ ਇਹ ਟੀਮ ਫੈਸਲਾਕੁਨ ਮੌਕਿਆਂ ’ਤੇ ਦਬਾਅ ਅੱਗੇ ਗੋਡੇ ਟੇਕਣ ਵਾਲੀ ਨਹੀਂ ਹੈ। ਭਾਰਤ ਹੁਣ ਪੂਲ ਏ ਵਿੱਚ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਹੈ। ਭਾਰਤ ਹੁਣ ਭਲਕੇ 30 ਜੁਲਾਈ ਨੂੰ ਆਖਰੀ ਪੂਲ ਮੈਚ ਵਿੱਚ ਮੇਜ਼ਬਾਨ ਜਾਪਾਨ ਨਾਲ ਮੱਥਾ ਲਾਏਗਾ। ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੇ ਕੋਈ ਮੌਕੇ ਗੁਆਏ, ਪਰ ਉਹ ਖ਼ੁਸ਼ ਹਨ ਕਿ ਉਨ੍ਹਾਂ ਨੇ ਸਬਰ ਨਾਲ ਕੰਮ ਲਿਆ ਤੇ ਗੇਮ ਪਲਾਨ ’ਤੇ ਡਟੇ ਰਹੇ। -ਪੀਟੀਆਈ
ਆਇਰਲੈਂਡ ਖਿਲਾਫ਼ ‘ਕਰੋ ਜਾਂ ਮਰੋ’ ਦੇ ਇਰਾਦੇ ਨਾਲ ਉਤਰੇਗੀ ਮਹਿਲਾ ਟੀਮ
ਟੋਕੀਓ: ਲਗਾਤਾਰ ਤਿੰਨ ਮੈਚ ਹਾਰ ਕੇ ਓਲੰਪਿਕ ’ਚੋਂ ਬਾਹਰ ਹੋਣ ਦੀ ਦਹਿਲੀਜ਼ ’ਤੇ ਖੜ੍ਹੀ ਭਾਰਤੀ ਮਹਿਲਾ ਹਾਕੀ ਟੀਮ ਭਲਕੇ ਆਇਰਲੈਂਡ ਖ਼ਿਲਾਫ ਮੈਚ ਵਿੱਚ ‘ਕਰੋ ਜਾਂ ਮਰੋ’ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਕੁਆਰਟਰ ਫਾਈਨਲ ਵਿੱਚ ਦਾਖ਼ਲੇ ਦੀਆਂ ਆਸਾਂ ਨੂੰ ਕਾਇਮ ਰੱਖਣ ਲਈ ਭਾਰਤੀ ਟੀਮ ਨੂੰ ਆਇਰਿਸ਼ ਟੀਮ ਖਿਲਾਫ਼ ਹਰ ਹਾਲ ਜਿੱਤ ਦਰਜ ਕਰਨੀ ਹੋਵੇਗੀ। ਉਂਜ ਲਗਾਤਾਰ ਤਿੰਨ ਨਮੋਸ਼ੀਜਨਕ ਹਾਰਾਂ ਮਗਰੋਂ ਭਾਰਤੀ ਟੀਮ ਨੂੰ ਹੌਸਲੇ ਬੁਲੰਦ ਰੱਖਣ ਲਈ ਆਪਣੇ ਤੋਂ ਉੱਚੀ ਸੱਤਵੀਂ ਦਰਜਾਬੰਦੀ ਵਾਲੀ ਟੀਮ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਭਾਰਤ ਪੂਲ ਏ ਵਿੱਚ ਪੰਜਵੇਂ ਸਥਾਨ ’ਤੇ ਹੈ ਜਦੋਂਕਿ ਆਇਰਲੈਂਡ ਇਕ ਜਿੱਤ ਤੇ ਦੋ ਹਾਰਾਂ ਨਾਲ ਚੌਥੇ ਸਥਾਨ ’ਤੇ ਕਾਬਜ਼ ਹੈ। ਭਾਰਤ ਤੇ ਦੱਖਣੀ ਅਫ਼ਰੀਕਾ ਨੇ ਅਜੇ ਤੱਕ ਖਾਤਾ ਨਹੀਂ ਖੋਲ੍ਹਿਆ ਹੈ। ਦੋਵਾਂ ਪੂਲਾਂ ’ਚੋਂ ਸਿਖਰਲੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਗੇੜ ’ਚ ਦਾਖ਼ਲ ਹੋਣਗੀਆਂ। ਭਾਰਤ ਨੂੰ ਹੁਣ ਆਇਰਲੈਂਡ ਅਤੇ ਸ਼ਨਿੱਚਰਵਾਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ ਮੈਚ ਜਿੱਤਣ ਦੇ ਨਾਲ ਆਪਣੀ ਗੋਲ ਔਸਤ ਵੀ ਬਿਹਤਰ ਰੱਖਣੀ ਪਏਗੀ। ਇਸ ਦੇ ਨਾਲ ਹੀ ਟੀਮ ਨੂੰ ਇਹ ਦੁਆ ਕਰਨੀ ਹੋਵੇਗੀ ਕਿ ਸ਼ਨਿੱਚਰਵਾਰ ਨੂੰ ਬ੍ਰਿਟੇਨ ਵੀ ਆਇਰਲੈਂਡ ਨੂੰ ਹਰਾ ਦੇਵੇੇ। ਕੋਚ ਸ਼ੋਰਡ ਮਾਰਿਨ ਨੂੰ ਆਪਣੀ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਰਹੇਗੀ। -ਪੀਟੀਆਈ