ਟੋਕੀਓ, 24 ਜੁਲਾਈ
ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਚਾਨੂ ਨੇ ਮਹਿਲਾਵਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ 202 ਕਿਲੋ (87 ਕਿਲੋ ਸਨੈਚ ਤੇ 115 ਕਿਲੋ ਕਲੀਨ ਐਂਡ ਜਰਕ) ਭਾਰ ਚੁੱਕ ਕੇ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਤਗ਼ਮੇ ਲਈ ਭਾਰਤ ਦੀ 21 ਸਾਲਾਂ ਦੀ ਉਡੀਕ ਨੂੰ ਖ਼ਤਮ ਕਰ ਦਿੱਤਾ ਹੈ। ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿੱਚ ਨਿਰਾਸ਼ਾਜਨਕ ਨਤੀਜਾ ਹਾਸਲ ਕਰਨ ਵਾਲੀ ਚਾਨੂ ਦੀ ਇਸ ਇਤਿਹਾਸਕ ਜਿੱਤ ਨੇ ਭਾਰਤ ਨੂੰ ਇਕ ਵਾਰ ਤਗ਼ਮਾ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚਾ ਦਿੱਤਾ ਸੀ। ਉਂਜ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਨੇ ਭਾਰਤੀ ਨੇ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਤਗ਼ਮਾ ਜਿੱਤਿਆ ਹੈ। ਭਾਰਤ ਹੁਣ ਤਗ਼ਮਾ ਸੂਚੀ ਵਿੱਚ ਸਾਂਝੇ ਰੂਪ ਵਿੱਚ 12ਵੇਂ ਸਥਾਨ ’ਤੇ ਹੈ। ਚੀਨ ਤਿੰਨ ਸੋਨ ਸਮੇਤ ਚਾਰ ਤਗ਼ਮਿਆਂ ਨਾਲ ਸਿਖਰ ’ਤੇ ਹੈ।
49 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਚੀਨ ਦੀ ਹੋਊ ਜਿਹੂਈ ਨੇ 210 ਕਿਲੋ (94 ਕਿਲੋ ਸਨੈਚ ਤੇ 116 ਕਿਲੋ ਕਲੀਨ ਐਂਡ ਜਰਕ) ਵਜ਼ਨ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਜਦੋਂਕਿ ਇੰਡੋਨੇਸ਼ੀਆ ਦੀ ਏਸਾਹ ਵਿੰਡੀ ਕਾਂਟਿਕ ਨੇ 194 ਕਿਲੋ(84 ਤੇ 110 ਕਿਲੋ) ਦਾ ਭਾਰ ਚੁੱਕ ਕੇ ਕਾਂਸੀ ਆਪਣੇ ਨਾਂ ਕੀਤੀ। ਚਾਨੂ ਨੇ ਹੋਊ ਦੇ ਹਵਾਲੇ ਨਾਲ ਕਿਹਾ, ‘‘ਮੈਂ ਕਈ ਵਾਰ ਉਸ ਨੂੰ ਪਛਾੜਨ ਦੀ ਕੋਸ਼ਿਸ਼ ਕੀਤੀ। ਮੈਂ ਕਲੀਨ ਐਂਡ ਜਰਕ ਦੀ ਇਕ ਕੋਸ਼ਿਸ਼ ਵਿੱਚ ਨਾਕਾਮ ਰਹੀ, ਪਰ ਮੈਂ ਉਸ ਨੂੰ ਪਛਾੜਨ ਦੀ ਪੂਰੀ ਕੋਸ਼ਿਸ਼ ਕੀਤੀ।’ ਸਨੈਚ ਨੂੰ ਚਾਰੂ ਦੀ ਕਮਜ਼ੋਰੀ ਮੰਨਿਆ ਜਾ ਰਿਹਾ ਸੀ, ਪਰ ਉਸ ਨੇ ਸਨੈਚ ਈਵੈਂਟ ਵਿੱਚ ਪਹਿਲੀ ਹੀ ਕੋਸ਼ਿਸ਼ ਵਿੱਚ 84 ਕਿਲੋ ਵਜ਼ਨ ਚੁੱਕਿਆ। ਦੂਜੇ ਹੱਲੇ ਵਿੱਚ ਚਾਨੂ ਨੇ 89 ਕਿਲੋ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੀ। ਜਿਹੂਈ ਨੇ 94 ਕਿਲੋ ਵਜ਼ਨ ਚੁੱਕ ਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ। ਚੀਨ ਦੀ ਵੇਟਲਿਫਟਰ ਦਾ ਇਸ ਵਿੱਚ ਵਿਸ਼ਵ ਰਿਕਾਰਡ (96 ਕਿਲੋ) ਵੀ ਹੈ। ਕਲੀਨ ਐਂਡ ਜਰਕ ਵਿੱਚ ਚਾਨੂ ਦੇ ਨਾਂ ਵਿਸ਼ਵ ਰਿਕਾਰਡ ਹੈ। ਉਸ ਨੇ ਇਸ ਈਵੈਂਟ ਵਿਚ 110 ਕਿਲੋ ਤੇ 115 ਕਿਲੋ ਵਜ਼ਨ ਚੁੱਕਿਆ, ਹਾਲਾਂਕਿ ਉਹ ਆਪਣੇ ਆਖਰੀ ਹੱਲੇ ਵਿੱਚ 117 ਕਿਲੋ ਵਜ਼ਨ ਚੁੱਕਣ ਵਿੱਚ ਨਾਕਾਮ ਰਹੀ।
ਚਾਨੂ ਤੋਂ ਪਹਿਲਾਂ ਕਰਨਮ ਮੱਲੇਸ਼ਵਰੀ ਨੇ ਸਿਡਨੀ 2000 ਵਿੱਚ ਵੇਟਲਿਫਟਿੰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਚਾਨੂ ਨੇ ਮਗਰੋਂ ਕਿਹਾ, ‘ਮੈਂ ਬਹੁਤ ਖੁ਼ਸ਼ ਹਾਂ। ਪਿਛਲੇ ਪੰਜ ਸਾਲਾਂ ਤੋਂ ਇਸ ਪਲ ਦਾ ਸੁਫ਼ਨਾ ਵੇਖ ਰਹੀ ਸੀ। ਮੈਂ ਖੁ਼ਦ ’ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਸੋਨ ਤਗ਼ਮੇ ਲਈ ਕੋਸ਼ਿਸ਼ ਕੀਤੀ, ਪਰ ਚਾਂਦੀ ਦਾ ਤਗ਼ਮਾ ਵੀ ਮੇਰੇ ਲਈ ਵੱਡੀ ਪ੍ਰਾਪਤੀ ਹੈ।’’ ਮਨੀਪੁਰ ਦ 26 ਸਾਲਾ ਵੇਟਲਿਫਟਿਰ ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਵਿੱਚ ਅਭਿਆਸ ਕਰ ਰਹੀ ਸੀ। 2016 ਓਲੰਪਿਕ ਦਾ ਉਸ ਦਾ ਤਜਰਬਾ ਖਰਾਬ ਰਿਹਾ ਸੀ, ਪਰ ਅੱਜ ਉਹਦੇ ਚਿਹਰੇ ’ਤੇ ਘਬਰਾਹਟ ਦੀ ਇਕ ਵੀ ਸ਼ਿਕਨ ਨਹੀਂ ਸੀ। ਉਹ ਆਪਣੇ ਮੁਕਾਬਲੇ ਦੌਰਾਨ ਬਹੁਤ ਹੀ ਸ਼ਾਂਤ ਤੇ ਇਕਾਗਰ ਨਜ਼ਰ ਆਈ। ਚਾਨੂ ਨੂੰ ਜਦੋਂ ਪੁੱਛਿਆ ਕਿ ਮਨੀਪੁਰੀ ਹੋਣ ਦੇ ਨਾਤੇ ਇਸ ਦੇ ਕੀ ਮਾਇਨੇ ਹਨ ਤਾਂ ਉਸ ਨੇ ਕਿਹਾ, ‘‘ਮੈਂ ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਜਿੱਤ ਕੇ ਬਹੁਤ ਖ਼ੁਸ਼ ਹਾਂ। ਮੈਂ ਸਿਰਫ਼ ਮਨੀਪੁਰ ਦਾ ਨਹੀਂ ਬਲਕਿ ਪੂਰੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਸੀ।’’ -ਪੀਟੀਆਈ
ਕੋਵਿੰਦ, ਮੋਦੀ ਤੇ ਕੈਪਟਨ ਵੱਲੋਂ ਚਾਨੂ ਨੂੰ ਵਧਾਈਆਂ
ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸਿਆਸੀ ਤੇ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈਆਂ ਦਿੱਤੀਆਂ ਹਨ। -ਪੀਟੀਆਈ
ਮਨੀਪੁਰ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੇ ਪੁਰਸਕਾਰ ਦਾ ਐਲਾਨ
ਸ਼ਿਲੌਂਗ: ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਅੱਠ ਉੱਤਰ-ਪੂਰਬ ਰਾਜਾਂ ਦੇ ਮੁੱਖ ਮੰਤਰੀਆਂ ਨੇ ਮੀਰਾਬਾਈ ਚਾਨੂ ਦੀ ਇਸ ਉਪਲਬਧੀ ਲਈ ਅੱਜ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਸ੍ਰੀ ਸ਼ਾਹ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਚਾਨੂ ਦੀ ਇਸ ਉਪਲਬਧੀ ਬਾਰੇ ਪਤਾ ਲੱਗਿਆ। ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਚਾਨੂ ਨੂੰ ਇਕ ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕੁਝ ਹੋਰ ਵਿੱਤੀ ਲਾਭ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਵੇਟਲਿਫਟਰ ਲਈ ਵਿਸ਼ੇਸ਼ ਅਹੁਦਾ ਰਾਖਵਾਂ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ। -ਪੀਟੀਆਈ
ਕੌਣ ਕਹਿੰਦੈ ਭਾਰਤੀ ਧੀਆਂ ਕਮਜ਼ੋਰ ਨੇ?
ਕਿਸਾਨ ਘਰ ਦੀ ਜਾਈ ਮੀਰਾਬਾਈ ਚਾਨੂ ਨੇ ਭਾਰਤ ਲਈ ਟੋਕੀਓ ਓਲੰਪਿਕ ਵਿੱਚ ਚਾਂਦੀ ਦੇ ਰੂਪ ਵਿੱਚ ਪਹਿਲਾ ਤਗ਼ਮਾ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਧੀਆਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਉਸ ਨੇ 49 ਕਿਲੋ ਭਾਰ ਵਰਗ ਵਿੱਚ ਢਾਈ ਗੁਣਾਂ ਵੱਧ ਭਾਰ ਦਾ ਬਾਲਾ ਕੱਢਿਆ ਹੈ। ਮਨੀਪੁਰ ਵਿਚ ਇੰਫਾਲ ਨੇੜੇ ਉਸ ਦਾ ਪਰਿਵਾਰ ਅੱਧੇ ਕਿੱਲੇ ਜ਼ਮੀਨ ਉੱਤੇ ਖੇਤੀ ਕਰਦਾ ਹੈ। ਮੀਰਾਬਾਈ ਬਚਪਨ ਤੋਂ ਖੇਤਾਂ ਵਿਚ ਝੋਨਾ ਲਾਉਂਦੀ ਆ ਰਹੀ ਹੈ। ਦਿੱਲੀ ਦੀਆਂ ਬਰੂਹਾਂ ਉਤੇ ਮੋਰਚਾ ਅਤੇ ਜੰਤਰ-ਮੰਤਰ ਉੱਤੇ ਕਿਸਾਨ ਸੰਸਦ ਲਾਈ ਬੈਠੇ ਕਿਸਾਨ-ਮਜ਼ਦੂਰ ਭਾਰਤ ਦਾ ਨਾਂ ਚਮਕਾਉਣ ਵਾਲੀ ਆਪਣੀ ਕਿਸਾਨ ਧੀ ਨੂੰ ਉਚੇਚੀ ਵਧਾਈ ਦੇਣ ਦਾ ਮਤਾ ਪਾ ਸਕਦੇ ਹਨ। -ਪ੍ਰਿੰ.ਸਰਵਣ ਸਿੰਘ