ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੁਲਾਈ
ਟੋਕੀਓ ਓਲੰਪਿਕਸ 2020 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖੇਡ ਦਲ ਵਿਚੋਂ 40 ਫੀਸਦ ਖਿਡਾਰੀ ਹਰਿਆਣਾ ਤੇ ਪੰਜਾਬ ਨਾਲ ਸਬੰਧਤ ਹਨ। ਇਹ ਦੋਵੇਂ ਰਾਜ ਜੋ ਕਿ ਭਾਰਤ ਦੀ ਕੁੱਲ ਆਬਾਦੀ ਦਾ ਮਹਿਜ਼ 4.4 ਫੀਸਦ ਹਨ ਇਕ ਵਾਰ ਫਿਰ ਇਸ ਖੇਡ ਮਹਾਕੁੰਭ ਵਿੱਚ ਮੂਹਰੇ ਹੋ ਕੇ ਦੇਸ਼ ਦੀ ਅਗਵਾਈ ਕਰ ਰਹੇ ਹਨ। ਭਾਰਤੀ ਖੇਡ ਦਸਤੇ ਵਿੱਚ ਕੁੱਲ 127 ਮੈਂਬਰ ਹਨ ਤੇ ਇਨ੍ਹਾਂ ਵਿੱਚੋਂ 50 ਖਿਡਾਰੀ ਹਰਿਆਣਾ ਤੇ ਪੰਜਾਬ ਤੋਂ ਹਨ। ਇਕੱਲੇ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਰਾਜ ਨੇ ਐਤਕੀਂ ਕੁੱਲ 31 ਅਥਲੀਟ ਟੋਕੀਓ ਓਲੰਪਿਕ ਵਿੱਚ ਉਤਾਰੇ ਹਨ, ਜੋ ਕਿ ਭਾਰਤੀ ਖੇਡ ਦਲ ਦੀ ਕੁੱਲ ਸਮਰੱਥਾ ਦਾ 25 ਫੀਸਦ ਹੈ। ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ 19 ਹੈ। ਇਸ ਸੂਚੀ ਵਿੱਚ 11 ਅਥਲੀਟਾਂ ਨਾਲ ਤਾਮਿਲ ਨਾਡੂ ਤੀਜੀ ਥਾਵੇਂ ਹੈ। ਕੇਰਲਾ ਚੌਥੇ ਤੇ ਯੂਪੀ ਪੰਜਵੇਂ ਸਥਾਨ ’ਤੇ ਹਨ।