ਦੁਬਈ: ਭਾਰਤ ਦਾ ਸਟਾਰ ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਇਥੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ਼ ਬਿਹਤਰੀਨ ਪ੍ਰਦਰਸ਼ਨ ਬਾਅਦ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਟੀ-20 ਕੌਮਾਂਤਰੀ ਹਰਫਨਮੌਲਾ ਰੈਂਕਿੰਗ ਵਿੱਚ ਅੱਠ ਸਥਾਨ ਉਪਰ ਚੜ੍ਹ ਕੇ ਪੰਜਵੇਂ ਨੰਬਰ ’ਤੇ ਪੁੱਜ ਗਿਆ ਹੈ। ਇਹ ਉਸ ਦੇ ਕਰੀਅਰ ਦੀ ਸਭ ਤੋਂ ਬਿਹਤਰੀਨ ਰੈਂਕਿੰਗ ਹੈ। ਹਾਰਦਿਕ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਮਹਿਜ਼ 17 ਗੇਂਦਾਂ ’ਤੇ ਨਾਬਾਦ 33 ਦੌੜਾਂ ਬਣਾਈਆਂ ਅਤੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦਾ ਬਿਹਤਰੀਨ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਆਸਟਰੇਲੀਆ ਵਿੱਚ ਆਗਾਮੀ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਮੁਹਿੰਮ ਵਿੱਚ ਉਸ ਦੀ ਭੂਮਿਕਾ ਕਿੰਨੀ ਅਹਿਮ ਹੋਵੇਗੀ। ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਰਵਿੰਦਰ ਜੇਡਜਾ ਸਿਖਰ ’ਤੇ ਕਾਇਮ ਹੈ। ਇਕ ਰੋਜ਼ਾ ਕੌਮਾਂਤਾਰੀ ਰੈਂਕਿੰਗ ਵਿੱਚ ਸਿਖਰਲੇ ਦੱਸ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆਇਆ। -ਏਜੰਸੀ