ਲਾਸ ਏਂਜਲਸ: ਮਸ਼ਹੂਰ ਗੋਲਫਰ ਟਾਈਗਰ ਵੁੱਡਜ਼ ਮੰਗਲਵਾਰ ਸਵੇਰੇ ਇੱਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਸੱਟ ਕਾਰਨ ਡਾਕਟਰਾਂ ਨੂੰ ਉਸ ਦੀ ਸੱਜੀ ਲੱਤ ਦੀ ਸਰਜਰੀ ਕਰਨੀ ਪਈ। ਜਾਣਕਾਰੀ ਅਨੁਸਾਰ ਵੁੱਡਜ਼ ਆਪਣੀ ਕਾਰ ਵਿੱਚ ਇਕੱਲਾ ਹੀ ਇਕ ਟੀਵੀ ਸ਼ੂਟ ਲਈ ਜਾ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਪਲਟ ਗਈ। ਉਸ ਨੂੰ ਕਾਰ ਦਾ ਅਗਲਾ ਸ਼ੀਸ਼ਾ ਭੰਨ੍ਹ ਕੇ ਬਾਹਰ ਨਿਕਲਣਾ ਪਿਆ। ਵੁੱਡਜ਼ ਫਾਊਂਡੇਸ਼ਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਹ ਹਸਪਤਾਲ ਵਿੱਚ ਹੋਸ਼ ’ਚ ਹੈ ਅਤੇ ਠੀਕ ਹੋ ਰਿਹਾ ਹੈ। ਹਾਰਬਰ ਯੂਸੀਐੱਲਏ ਮੈਡੀਕਲ ਸੈਂਟਰ ਦੇ ਮੁੱਖ ਮੈਡੀਕਲ ਅਫ਼ਸਰ ਡਾ. ਅਨੀਸ਼ ਮਹਾਜਨ ਨੇ ਦੱਸਿਆ ਕਿ ਵੁੱਡਜ਼ ਦੇ ਸੱਜੇ ਪੈਰ ਦੇ ਹੇਠਲੇ ਹਿੱਸੇ ਦੀ ਹੱਡੀ ਕਈ ਥਾਵਾਂ ਤੋਂ ਟੁੱਟ ਗਈ ਹੈ, ਜਿਸ ਨੂੰ ਟਬਿੀਆ ਦੀ ਹੱਡੀ ’ਚ ਰਾਡ ਪਾ ਕੇ ਜੋੜਿਆ ਗਿਆ ਹੈ। ਉਨ੍ਹਾਂ ਟਵਿੱਟਰ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਲੰਮੇ ਅਪਰੇਸ਼ਨ ਤੋਂ ਬਾਅਦ ਸੋਜਿਸ਼ ਘੱਟ ਗਈ ਹੈ। ਹਾਦਸੇ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ, ਜਿਸ ਕਰਕੇ ਪੁਲੀਸ ਨੇ ਕੋਈ ਕੇਸ ਦਰਜ ਨਹੀਂ ਕੀਤਾ। -ਪੀਟੀਆਈ