ਪੈਰਿਸ, 4 ਜੂਨ
ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇਗਾ ਸਵਾਏਟਿਕ ਨੇ ਫਰੈਂਚ ਓਪਨ ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਅੱਜ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ’ਚ ਅਮਰੀਕਾ ਦੀ ਕੋਕੋ ਗੌਫ ਨੂੰ 6-1, 6-3 ਨਾਲ ਹਰਾਇਆ। ਉਹ ਲਗਾਤਾਰ 35 ਮੈਚ ਜਿੱਤੀ ਹੈ। ਪਹਿਲੇ ਸੈੱਟ ਤੋਂ ਹੀ ਇਗਾ ਨੇ ਕੋਕੋ ’ਤੇ ਦਬਾਅ ਬਣਾਇਆ ਅਤੇ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਆਪਣੇ ਦੇਸ਼ ਲਈ ਟੈਨਿਸ ’ਚ ਅਹਿਮ ਸਿੰਗਲਜ਼ ਖਿਤਾਬ ਜਿੱਤਣ ਵਾਲੀ ਇਗਾ ਨੇ ਸਾਲ 2000 ਤੋਂ ਬਾਅਦ ਲਗਾਤਾਰ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੇ ਮਾਮਲੇ ’ਚ ਵੀਨਸ ਵਿਲੀਅਮਜ਼ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਹ ਪਿਛਲੇ ਛੇ ਟੂਰਨਾਮੈਂਟਾਂ ’ਚ ਜੇਤੂ ਬਣ ਕੇ ਉਭਰੀ ਹੈ ਅਤੇ ਇਸ ਸੈਸ਼ਨ ’ਚ ਉਸ ਦੀ ਜਿੱਤ-ਹਾਰ ਦਾ ਰਿਕਾਰਡ 42-3 ਹੈ। -ਰਾਇਟਰਜ਼
ਯੂਕਰੇਨ ਨੂੰ ਮਜ਼ਬੂਤੀ ਨਾਲ ਡਟਣ ਦਾ ਸੱਦਾ
ਫਰੈਂਚ ਓਪਨ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਣ ਮਗਰੋਂ ਇਗਾ ਸਵਾਏਟਿਕ ਨੇ ਯੂਕਰੇਨ ਨੂੰ ਸੱਦਾ ਦਿੱਤਾ ਕਿ ਉਹ ਰੂਸ ਖ਼ਿਲਾਫ਼ ਜੰਗ ’ਚ ਮਜ਼ਬੂਤੀ ਨਾਲ ਡਟੇ ਰਹਿਣ। ਸਵਾਏਟਿਕ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਕੈਪ ’ਤੇ ਯੂਕਰੇਨੀ ਰੰਗ ਦਾ ਰਬਿਨ ਲਗਾਈ ਰੱਖਿਆ ਸੀ। ਖ਼ਿਤਾਬ ਜਿੱਤਣ ਮਗਰੋਂ ਉਸ ਨੇ ਕਿਹਾ,‘‘ਮੈਂ ਯੂਕਰੇਨ ਬਾਰੇ ਕੁਝ ਆਖਣਾ ਚਾਹੁੰਦੀ ਹਾਂ। ਮਜ਼ਬੂਤੀ ਨਾਲ ਡਟੇ ਰਹੋ, ਅਜੇ ਜੰਗ ਜਾਰੀ ਹੈ।’’