ਨਵੀਂ ਦਿੱਲੀ: ਓਲੰਪਿਕ ਟਿਕਟ ਹਾਸਲ ਕਰਨ ਵਾਲੇ ਰੋਵਰ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਦੇ ਨਾਲ ਪਹਿਲਵਾਨ ਸੀਮਾ ਬਿਸਲਾ ਤੇ ਸੁਮਿਤ ਮਲਿਕ ਨੂੰ ਵੀ ਖੇਡ ਮੰਤਰਾਲੇ ਨੇ ‘ਟਾਰਗੇਟ ਓਲੰਪਿਕ ਪੋਡੀਅਮ ਸਕੀਮ’ ਵਿੱਚ ਸ਼ਾਮਲ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪਹਿਲਵਾਨ ਵਿਨੇਸ਼ ਫੌਗਾਟ ਟੋਕੀਓ ਖੇਡਾਂ ਤੱਕ ਵਿਦੇਸ਼ਾਂ ਵਿੱਚ ਅਭਿਆਸ ਜਾਰੀ ਰੱਖੇਗੀ ਕਿਉਂਕਿ ਉਸਦੀ ਤਜਵੀਜ਼ ਨੂੰ ਮਿਸ਼ਨ ਓਲੰਪਿਕ ਸੈੱਲ ਨੇ ਮਨਜ਼ੂਰੀ ਦੇ ਦਿੱਤੀ ਸੀ। ਮੰਤਰਾਲੇ ਦੇ ਬਿਆਨ ਮੁਤਾਬਕ ਕਿਸ਼ਤੀ ਚਾਲਨ ਦੇ ਰੋਇੰਗ ਮੁਕਾਬਲੇ ’ਚ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੂੰ ਵਿਕਾਸ ਗਰੁੱਪ ਤੋਂ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ ਜਦਕਿ ਪਹਿਲਵਾਨਾਂ ਸੀਮਾ ਬਿਸਲਾ ਤੇ ਸੁਮਿਤ ਮਲਿਕ ਨੂੰ ਕੋਰ ਗਰੁੁੱਪ ਵਿੱਚ ਜੋੜਿਆ ਗਿਆ ਹੈ। -ਪੀਟੀਆਈ