ਜਲੰਧਰ (ਟਨਸ): 1964 ਟੋਕੀਓ ਓਲੰਪਿਕ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੀ ਕਪਤਾਨੀ ਕਰਨ ਵਾਲੇ ਮਹਾਨ ਹਾਕੀ ਖਿਡਾਰੀ ਚਰਨਜੀਤ ਸਿੰਘ ਦਾ ਅੱਜ ਊਨਾ ਵਿੱਚ ਦੇਹਾਂਤ ਹੋ ਗਿਆ। ਉਹ ਅਗਲੇ ਹਫਤੇ 91 ਸਾਲ ਦੇ ਹੋਣ ਵਾਲੇ ਸਨ, ਪਰ ਉਮਰ ਨਾਲ ਸਬੰਧਤ ਬਿਮਾਰੀਆਂ ਨੇ ਉਨ੍ਹਾਂ ਨੂੰ ਘੇਰ ਰੱਖਿਆ ਸੀ। ਉਹ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਨ ਤੇ ਉਹ 1960 ਵਿਚ ਰੋਮ ਓਲੰਪਿਕ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਉਨ੍ਹਾਂ ਪੰਜਾਬ ਪੁਲੀਸ ਵਿੱਚ ਨੌਕਰੀ ਕੀਤੀ। ਕਰਨਲ ਬਲਬੀਰ ਸਿੰਘ, ਪਰਗਟ ਸਿੰਘ ਅਤੇ ਸੁਰਿੰਦਰ ਸੋਢੀ ਸਮੇਤ ਹਾਕੀ ਦੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ।