ਪੁਣੇ, 23 ਮਾਰਚ
ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ ਪਹਿਲਾ ਇੱਕ ਦਿਨਾ ਕ੍ਰਿਕਟ ਮੈਚ ਵਿੱਚ 66 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਮੇਜ਼ਬਾਨ ਟੀਮ ਵੱਲੋਂ ਦਿੱਤੇ 318 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸਲਾਮੀ ਜੋੜੀ ਜੇਸਨ ਰੌਏ (46) ਅਤੇ ਜੌਨੀ ਬੇਅਰਸਟੋ (64) ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ ਅਤੇ ਪੂਰੀ ਟੀਮ 42.1 ਓਵਰਾਂ ਵਿੱਚ 251 ਦੌੜਾਂ ਹੀ ਬਣਾ ਸਕੀ। ਭਾਰਤ ਦੇ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਅਤੇ ਸ਼ਰਦੁਲ ਠਾਕੁਰ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਸ਼ਿਖਰ ਧਵਨ ਦੀਆਂ 98 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ ਗੁਆ ਕੇ 317 ਦੌੜਾਂ ਬਣਾਈਆਂ ਸਨ। ਧਵਨ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਨੇ 56 , ਕੇਐੱਲ ਰਾਹੁਲ ਨੇ ਨਾਬਾਦ 62 ਤੇ ਕੁਨਾਲ ਪਾਂਡਿਆ ਨੇ ਨਾਬਾਦ 58 ਦੌੜਾਂ ਬਣਾਈਆਂ। ਇੰਗਲੈਂਡ ਦੇ ਬੇਨ ਸਟੋਕਸ ਨੇ ਤਿੰਨ ਵਿਕਟਾਂ ਲਈਆਂ। ‘ਪਲੇਅਰ ਆਫ ਦਿ ਮੈਚ’ ਸ਼ਿਖਰ ਧਵਨ ਨੂੰ ਚੁਣਿਆ ਗਿਆ।