ਟੋਕੀਓ: ਭਾਰਤ ਦਾ ਫਵਾਦ ਮਿਰਜ਼ਾ ਓਲੰਪਿਕ ਦੇ ਘੋੜ ਸਵਾਰੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਨ ਮਗਰੋਂ ਇਵੈਟਿੰਗ ਮੁਕਾਬਲੇ ਵਿੱਚ 23ਵੇਂ ਸਥਾਨ ’ਤੇ ਰਹੇ। ਮਿਰਜ਼ਾ ਨੇ ਆਪਣੇ ਘੋੜੇ ਸਿਗਨਿਓਰ ਮੈਡੀਕਾਟ ਨਾਲ ਵਿਅਕਤੀਗਤ ਇਵੈਂਟਿੰਗ ਵਰਗ ਦੇ ਜੰਪਿੰਗ ਫਾਈਨਲਜ਼ ਵਿੱਚ ਥਾਂ ਬਣਾਈ ਸੀ। ਫਾਈਨਲ ਵਿੱਚ ਉਸ ਨੂੰ 12.40 ਪੈਨਲਟੀ ਅੰਕ ਮਿਲੇ ਅਤੇ ਉਸ ਦੇ ਕੁੱਲ 59.60 ਪੈਨਲਟੀ ਅੰਕ ਰਹੇ, ਜਿਨ੍ਹਾਂ ਵਿੱਚ ਕੁਆਲੀਫਾਈਂਗ ਮੁਕਾਬਲਿਆਂ ਡ੍ਰੈਸੇਜ਼, ਕ੍ਰਾਸਕੰਟਰੀ ਤੇ ਜੰਪਿੰਗ ਦੇ ਤਿੰਨ ਗੇੜ ਦੇ ਅੰਕ ਸ਼ਾਮਲ ਹਨ। ਮਿਰਜ਼ਾ ਸਿਡਨੀ ਓਲੰਪਿਕ 2000 ਵਿੱਚ ਇਮਤਿਆਜ਼ ਅਨੀਸ ਮਗਰੋਂ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਹੈ। ਮਰਹੂਮ ਵਿੰਗ ਕਮਾਂਡਰ ਆਈ ਜੇ ਲਾਂਬਾ (ਐਟਲਾਂਟਾ 1996) ਓਲੰਪਿਕ ਵਿੱਚ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਸੀ। ਜਰਮਨੀ ਦੀ ਜੂਲੀਆ ਕ੍ਰਾਜੇਵਸਕੀ ਨੂੰ ਸੋਨ ਤਗ਼ਮਾ ਮਿਲਿਆ, ਜੋ ਇਵੈਂਟਿੰਗ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਓਲੰਪਿਕ ਚੈਂਪੀਅਨ ਹੈ। -ਪੀਟੀਆਈ