ਟੋਕੀਓ: ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ.ਮੈਰੀਕੌਮ (51 ਕਿਲੋ) ਦਾ ਦੂਜਾ ਓਲੰਪਿਕ ਤਗ਼ਮਾ ਜਿੱਤਣ ਦਾ ਸੁਪਨਾ ਅੱਜ ਪ੍ਰੀ-ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਨਾਲ ਟੁੱਟ ਗਿਆ। ਮੈਰੀਕੌਮ ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਇੰਗਰਿਟ ਵੈਲੇਂਸੀਆ ਖਿਲਾਫ਼ ਤਿੰਨ ਵਿੱਚੋਂ ਦੋ ਰਾਊਂਡਾਂ ਵਿੱਚ ਜਿੱਤਣ ਦੇ ਬਾਵਜੂਦ 2-3 ਨਾਲ ਹਾਰ ਗਈ। ਮੁਕਾਬਲੇ ਮਗਰੋਂ 38 ਸਾਲਾ ਮੈਰੀਕੌਮ ਨੇ ਕਿਹਾ, ‘‘ਨਹੀਂ ਪਤਾ ਕੀ ਹੋਇਆ। ਪਹਿਲੇ ਦੌਰ ਵਿੱਚ ਮੈਨੂੰ ਲੱਗਿਆ ਕਿ ਅਸੀਂ ਇਕ ਦੂਜੇ ਦੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਗਰੋਂ ਮੈਂ ਦੋਵੇਂ ਰਾਊਂਡ ਜਿੱਤੇ।’’ ਭਾਰਤੀ ਮੁੱਕੇਬਾਜ਼ ਪਹਿਲੇ ਰਾਊਂਡ ਵਿੱਚ 1-4 ਨਾਲ ਪੱਛੜ ਗਈ, ਪੰਜ ਵਿੱਚੋਂ ਚਾਰ ਜੱਜਾਂ ਨੇ 10-9 ਦੇ ਸਕੋਰ ਨਾਲ ਵੈਲੇਂਸੀਆ ਦੇ ਹੱਕ ਵਿੱਚ ਫੈਸਲਾ ਕੀਤਾ। ਅਗਲੇ ਦੋ ਰਾਊਂਡਾਂ ਵਿੱਚ ਪੰਜ ਵਿੱਚੋਂ ਤਿੰਨ ਜੱਜਾਂ ਨੇ ਮੈਰੀਕੌਮ ਦੇ ਹੱਕ ਵਿੱਚ ਫੈਸਲਾ ਕੀਤਾ ਹਾਲਾਂਕਿ ਕੁੱਲ ਸਕੋਰ ਫਿਰ ਵੀ ਵੈਲੇਂਸੀਆ ਦੇ ਹੱਕ ਵਿੱਚ ਗਿਆ। ਮੈਰੀ ਕੌਮ ਦਾ ਇਹ ਆਖਰੀ ਓਲੰਪਿਕ ਹੋ ਸਕਦਾ ਹੈ। ਮੈਚ ਮਗਰੋਂ ਰੈਫ਼ਰੀ ਨੇ ਵੈਲੇਂਸੀਆ ਦਾ ਹੱਥ ਉਪਰ ਚੁੱਕਿਆ ਤਾਂ ਮੈਰੀ ਕੌਮ ਦੀਆਂ ਅੱਖਾਂ ਵਿੱਚ ਹੰਝੂ ਤੇ ਚਿਹਰੇ ’ਤੇ ਮੁਸਕਾਨ ਸੀ। ਇਸ ਨਿਰਾਸ਼ਾ ਦੇ ਬਾਵਜੂਦ ਮੈਰੀ ਕੌਮ ਨੇ ਕਿਹਾ ਕਿ ਉਹਦੀ ਅਜੇ ਖੇਡਾਂ ਤੋਂ ਸੰਨਿਆਸ ਲੈਣ ਦੀ ਕੋਈ ਇੱਛਾ ਨਹੀਂ ਹੈ। ਇਸ ਦੌਰਾਨ ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੁੱਕੇਬਾਜ਼ ਐੱਮ.ਸੀ.ਮੌਰੀਕੌਮ ਟੋਕੀਓ ਓਲੰਪਿਕ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਪਸ਼ਟ ਵਿਜੇਤਾ ਸੀ, ਜੱਜਾਂ ਦੀ ਆਪਣੀ ਗਿਣਤੀ ਹੁੰਦੀ ਹੈ।