ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਅੱਜ ਉਨ੍ਹਾਂ ਦੇ 42ਵੇਂ ਜਨਮ ਦਿਨ ਮੌਕੇ ਸਚਿਨ ਤੇਂਦੁਲਕਰ, ਹਰਭਜਨ ਸਿੰਘ ਤੇ ਵੀਰੇਂਦਰ ਸਹਿਵਾਗ ਜਿਹੇ ਖਿਡਾਰੀਆਂ ਨੇ ਮੁਬਾਰਕਬਾਦ ਦਿੱਤੀ। ਤੇਂਦੁਲਕਰ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨਾਲ ਇਕ ਫੋਟੋ ਸਾਂਝੀ ਕੀਤੀ ਤੇ ਲਿਖਿਆ, ‘ਮੈਂ ਕਾਮਨਾ ਕਰਦਾ ਹਾਂ ਕਿ ਆਪਣੇ ਹੈਲੀਕਾਪਟਰ ਸ਼ਾਟ ਵਾਂਗ ਤੁਸੀਂ ਹਮੇਸ਼ਾ ਉਚਾਈਆਂ ’ਤੇ ਰਹੋ। ਜਨਮ ਦਿਨ ਦੀਆਂ ਵਧਾਈਆਂ।’ ਸਹਿਵਾਗ ਨੇ ਵੀ ਇਸ ਮੌਕੇ ਧੋਨੀ ਨਾਲ ਬਿਤਾਏ ਪਲਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਰਾਂਚੀ ਵਿਚ ਜਨਮੇ ਧੋਨੀ ਨੇ ਸ੍ਰੀਲੰਕਾ ਖ਼ਿਲਾਫ਼ ਟੈਸਟ ਕਰੀਅਰ ਦੀ ਸ਼ੁਰੂਆਤ 2005 ਵਿਚ ਕੀਤੀ ਸੀ। ਧੋਨੀ ਦੀ ਅਗਵਾਈ ਵਿਚ ਟੀਮ ਨੇ 2007 ਦਾ ਟੀ20 ਵਿਸ਼ਵ ਕੱਪ, 2011 ਦਾ ਇਕ ਰੋਜ਼ਾ ਵਿਸ਼ਵ ਕੱਪ ਤੇ 2013 ਦੀ ਚੈਂਪੀਅਨਜ਼ ਟਰਾਫੀ ਆਪਣੇ ਨਾਂ ਕੀਤੀ। -ਪੀਟੀਆਈ