ਲੰਡਨ, 30 ਜੁਲਾਈ
ਬਰਤਾਨੀਆ ਵਿੱਚ ਹਜ਼ਾਰਾਂ ਰੇਲਵੇ ਡਰਾਈਵਰਾਂ ਦੀ ਹੜਤਾਲ ਕਾਰਨ ਮੁਸਾਫ਼ਰਾਂ, ਮੁਲਾਜ਼ਮਾਂ ਅਤੇ ਖੇਡ ਪ੍ਰੇਮੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਵਿੱਚ ਸ਼ਨਿਚਰਵਾਰ ਨੂੰ ਕਰੀਬ ਪੰਜ ਹਜ਼ਾਰ ਡਰਾਈਵਰ ਸੱਤ ਰੇਲ ਕੰਪਨੀਆਂ ਖ਼ਿਲਾਫ਼ ਇੱਕ ਦਿਨ ਦੀ ਹੜਤਾਲ ’ਤੇ ਚਲੇ ਗਏ ਹਨ।
ਹੜਤਾਲ ਕਾਰਨ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਦੇ ਦੂਜੇ ਦਿਨ ਖੇਡ ਪ੍ਰੇਮੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਰਾਈਵਰਾਂ ਨੇ ਤਨਖ਼ਾਹ, ਨੌਕਰੀਆਂ ਅਤੇ ਕੰਮ ਨਾਲ ਸਬੰਧਤ ਹੋਰ ਮੁਸ਼ਕਲਾਂ ਸਬੰਧੀ ਸਰਕਾਰ ਖ਼ਿਲਾਫ਼ ਰੋਸ ਵਜੋਂ ਇਹ ਇੱਕ ਰੋਜ਼ਾ ਸੰਕੇਤਕ ਹੜਤਾਲ ਕੀਤੀ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਰੇਲਵੇ ਦੇ ਸਫ਼ਾਈ ਕਾਮਿਆਂ, ਰੱਖ-ਰਖਾਅ ਵਾਲੇ ਕਰਮੀਆਂ ਸਮੇਤ ਹੋਰਾਂ ਨੇ ਚਾਰ ਦਿਨ ਦੀ ਹੜਤਾਲ ਕੀਤੀ ਸੀ। ਰੇਲਵੇ ਨਾਲ ਸਬੰਧਤ ਕਰਮਚਾਰੀ ਯੂਨੀਅਨਾਂ ਦਿਨੋ-ਦਿਨ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਤਨਖ਼ਾਹਾਂ ਵਿੱਚ ਵਾਧੇ ਮੰਗ ਕਰ ਰਹੀਆਂ ਹਨ, ਜਦਕਿ ਰੇਲ ਕੰਪਨੀਆਂ ਕਰੋਨਾ ਮਹਾਮਾਰੀ ਦਾ ਬਹਾਨਾ ਲਾ ਕੇ ਲਗਾਤਾਰ ਰੇਲ ਕਰਮੀਆਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰ ਰਹੀਆਂ ਹਨ।
ਯੂਨੀਅਨਾਂ ਨੇ ਨਿੱਜੀ ਕੰਪਨੀਆਂ ਦੇ ਮੁਲਾਜ਼ਮ ਵਿਰੋਧੀ ਵਤੀਰੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਾਈਮਜ਼ ਆਫ ਲੰਡਨ ਵਿੱਚ ਲਿਖਦਿਆਂ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਨੇ ਲੋੜੀਂਦੇ ਸੁਧਾਰਾਂ ਦੀ ਮੰਗ ਦਾ ਵਿਰੋਧ ਕਰਨ ਵਾਲੇ ਆਗੂਆਂ ਦੀ ਨਿਖੇਧੀ ਕੀਤੀ। ਰੇਲਵੇ ਡਰਾਈਵਰਾਂ ਦੀ ਯੂਨੀਅਨ ਏਐੱਸਐੱਲਈਐੱਫ ਦੇ ਆਗੂ ਮਿਕ ਵੀਲਨ ਨੇ ਕਿਹਾ ਕਿ ਵਰਕਰ ਤਨਖ਼ਾਹਾਂ ਵਿੱਚ ਸਿਰਫ਼ ਲੋੜੀਂਦੇ ਵਾਧੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਪਿਛਲੇ ਤਿੰਨ ਸਾਲਾਂ ਤੋਂ ਸਾਡੀਆਂ ਤਨਖ਼ਾਹਾਂ ਨਹੀਂ ਵਧਾਈਆਂ ਗਈਆਂ ਹਨ। ਜਿਨ੍ਹਾਂ ਲੋਕਾਂ ਲਈ ਕੰਮ ਕਰਕੇ ਅਸੀਂ ਲੱਖਾਂ ਪੌਂਡ ਕਮਾ ਰਹੇ ਹਾਂ ਅਤੇ ਉਹ ਅੱਗੇ ਆਪਣੇ ਹਿੱਸੇਦਾਰਾਂ ਨੂੰ ਪੈਸੇ ਦੇ ਰਹੇ ਹਨ।’’ -ਏਪੀ