ਨਵੀਂ ਦਿੱਲੀ: ਭਾਰਤ ਦੇ ਪਹਿਲੇ ਦਰੋਣਾਚਾਰੀਆ ਐਵਾਰਡ ਜੇਤੂ ਕੋਚ ਓਪੀ ਭਾਰਦਵਾਜ ਦਾ ਲੰਮੀ ਬਿਮਾਰੀ ਅਤੇ ਵੱਡੀ ਉਮਰ ਸਬੰਧੀ ਸਮੱਸਿਆਵਾਂ ਕਾਰਨ ਅੱਜ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਸੰਤੋਸ਼ ਦੀ ਦਸ ਦਿਨ ਪਹਿਲਾਂ ਹੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਦੋਂ 1985 ਵਿੱਚ ਦਰੋਣਾਚਾਰੀਆ ਪੁਰਸਕਾਰ ਸ਼ੁਰੂ ਕੀਤਾ ਗਿਆ, ਉਸ ਸਮੇਂ ਭਾਰਦਵਾਜ ਦੇ ਨਾਲ ਬਾਲਚੰਦਰ ਭਾਸਕਰ ਭਾਗਵਤ (ਕੁਸ਼ਤੀ) ਅਤੇ ਓਪੀ ਨਾਂਬਿਆਰ (ਅਥਲੈਟਿਕਸ) ਨੂੰ ਵੀ ਇਸ ਸਰਬਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਦਵਾਜ 1968 ਤੋਂ 1989 ਤੱਕ ਭਾਰਤੀ ਮੁੱਕੇਬਾਜ਼ੀ ਟੀਮ ਦੇ ਕੋਚ ਸਨ। ਭਾਰਤੀ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਸਿੰਘ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ