ਕਰਮਜੀਤ ਸਿੰਘ ਚਿੱਲਾ
ਬਨੂੜ, 31 ਮਾਰਚ
ਇਥੋਂ ਲਾਂਡਰਾਂ ਨੂੰ ਜਾਂਦੇ ਮਾਰਗ ’ਤੇ ਪੈਂਦੇ ਪਿੰਡ ਮੋਟੇਮਾਜਰਾ ਵਿੱਚ ਸਥਿਤ ਐਂਡੇਵਰਜ਼ ਕ੍ਰਿਕਟ ਹੱਬ ਵੱਲੋਂ ਕਰਵਾਇਆ ਗਿਆ ਪੰਜ ਦਿਨਾਂ ਟੀ-20 ਕ੍ਰਿਕਟ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਕੌਮੀ ਅਤੇ ਰਣਜੀ ਕ੍ਰਿਕਟ ਟੀਮਾਂ ਦੇ ਖਿਡਾਰੀਆਂ ਵਾਲੀਆਂ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਦੀਆਂ 16 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਅੱਜ ਸਰਵਾਰਾ ਸਪੋਰਟਸ ਕਲੱਬ ਪਟਿਆਲਾ ਅਤੇ ਡਾਕਟਰ ਇਲੈਵਨ ਰਾਜਪੁਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਮੈਚ ਦਾ ਉਦਘਾਟਨ ਮੁਹਾਲੀ ਦੇ ਮਿਉਂਸਪਲ ਕੌਂਸਲਰ ਅਮਰਜੀਤ ਸਿੰਘ ਜੀਤੀ ਨੇ ਕੀਤਾ। ਸਰਵਾਰਾ ਕਲੱਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 4 ਵਿਕਟਾਂ ਗੁਆਕੇ 204 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਸਰਵੀਰ ਨੇ 102 ਦੌੜਾਂ ਬਣਾਈਆਂ। ਡਾਕਟਰ ਇਲੈਵਨ ਰਾਜਪੁਰਾ ਦੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਧੀਰਜ ਚੌਧਰੀ ਅਤੇ ਰਾਹੁਲ ਨੇ ਬਿਨਾਂ ਕੋਈ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ। ਧੀਰਜ ਚੌਧਰੀ ਨੇ 121 ਅਤੇ ਸੁਮਿੱਤ ਕੁਮਾਰ ਨੇ 79 ਦੌੜਾਂ ਬਣਾਈਆਂ। ਜੇਤੂ ਟੀਮ ਨੂੰ ਡੇਢ ਲੱਖ ਰੁਪਏ ਅਤੇ ਉੱਪ ਜੇਤੂ ਨੂੰ 75 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ।
ਕਾਲੇਵਾਲ ਦੀ ਫੁਟਬਾਲ ਟੀਮ ਚੈਂਪੀਅਨ
ਕੁਰਾਲੀ (ਮੇਹਰ ਸਿੰਘ): ਨੇੜਲੇ ਪਿੰਡ ਕਾਲੇਵਾਲ ਵਿੱਚ ਸੰਤ ਬਾਬਾ ਜੁਗਤ ਰਾਮ ਸਪੋਰਟਸ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 12ਵਾਂ ਚਾਰ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਕੀਤਾ। ਟੂਰਨਾਮੈਂਟ ਦਾ ਫਾਈਨਲ ਮੈਚ ਮੇਜ਼ਬਾਨ ਕਾਲੇਵਾਲ ਅਤੇ ਸਿੰਘਪੁਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੇਜ਼ਬਾਨ ਟੀਮ ਵੱਲੋਂ ਦੂਜੇ ਅੱਧ ਵਿੱਚ ਕੀਤਾ ਗੋਲ ਫੈਸਲਾਕੁਨ ਸਾਬਤ ਹੋਇਆ ਅਤੇ ਕਾਲੇਵਾਲ ਦੀ ਟੀਮ ਨੇ ਟਰਾਫ਼ੀ ’ਤੇ ਕਬਜ਼ਾ ਕਰ ਲਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਰਣਜੀਤ ਸਿੰਘ ਗਿੱਲ, ਟਰੱਕ ਯੂਨੀਅਨ ਦੇ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਅਕਾਲੀ ਆਗੂ ਮਨਜੀਤ ਸਿੰਘ ਮੁੰਧੋਂ, ਸਰਬਜੀਤ ਸਿੰਘ ਕਾਦੀਮਾਜਰਾ ਨੇ ਸਾਂਝੇ ਤੌਰ ’ਤੇ ਕੀਤੀ। ਆਗੂਆਂ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ।