ਨਿਊਯਾਰਕ, 11 ਸਤੰਬਰ
ਸੈਰੇਬਿਆਈ ਖਿਡਾਰੀ ਨੋਵਾਕ ਜੋਕੋਵਿਚ ਯੂਐੱਸ ਓਪਨ ਟੈਨਿਸ ਦੇ ਫਾਈਨਲ ਵਿਚ ਪਹੁੰਚ ਗਿਆ ਹੈ ਅਤੇ ਹੁਣ ਉਹ 1969 ਤੋਂ ਬਾਅਦ ਸਾਲ ਦੇ ਚਾਰੇ ਗਰੈਂਡਸਲੈਮ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਨ ਦੇ ਖਿਤਾਬ ਤੋਂ ਸਿਰਫ਼ ਇਕ ਕਦਮ ਦੂਰ ਹੈ। ਸਿਖ਼ਰਲਾ ਦਰਜਾ ਪ੍ਰਾਪਤ ਖਿਡਾਰੀ ਜੋਕੋਵਿਚ ਨੇ ਸ਼ੁੱਕਰਵਾਰ ਰਾਤ ਨੂੰ ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਐਲੇਗਜ਼ੈਂਡਰ ਜ਼ਵੇਰੇਵ ਨੂੰ 4-6, 6-2, 6-4, 4-6, 6-2 ਨਾਲ ਹਰਾ ਕੇ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿਸ ਨਾਲ ਇਸ ਸੈਸ਼ਨ ਦੀ ਵੱਦੀ ਚੈਂਪੀਅਨਸ਼ਿਪ ’ਚ ਉਸ ਦੀ ਜਿੱਤ ਦਾ ਰਿਕਾਰਡ 27-0 ਹੋ ਗਿਆ। 52 ਸਾਲ ਪਹਿਲਾਂ ਰੌਡ ਲੇਵਰ ਨੇ ਪਹਿਲੇ ਸੈਸ਼ਨ ਦੇ ਸਾਰੇ ਚਾਰੋਂ ਗਰੈਂਡਸਲੈਮ ਜਿੱਤੇ ਸਨ ਅਤੇ ਸਟੈਫੀ ਗ੍ਰਾਫ 1988 ਵਿਚ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਸੀ। ਲੇਵਰ 1962 ਵਿਚ ਵੀ ਅਜਿਹਾ ਕਰ ਚੁੱਕੇ ਸਨ। ਜੇਕਰ ਜੋਕੋਵਿਚ ਇਹ ਖ਼ਿਤਾਬ ਜਿੱਤ ਲੈਂਦਾ ਹੈ ਤਾਂ ਇਹ ਉਸ ਦਾ ਰਿਕਾਰਡ 21ਵਾਂ ਗਰੈਂਡਸਲੈਮ ਹੋਵੇਗਾ। ਹੁਣੇ ਉਹ 20 ਗਰੈਂਡਸਲੈਮ ਖਿਤਾਬ ਜਿੱਤ ਕੇ ਰੋਜਰ ਫੈਡਰਰ ਤੇ ਰਾਫ਼ੇਲ ਨਡਾਲ ਦੇ ਬਰਾਬਰ ਹੈ। -ਏਪੀ