ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜਨਵਰੀ
ਸਥਾਨਕ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਵਿਚ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚਐੱਸ ਗਿੱਲ ਨੇ ਹਾਕੀ ਖਿਡਾਰੀਆਂ ਨੂੰ ਕਿੱਟਾਂ ਵੰਡਦੇ ਹੋਏ ਕਿ ਇਥੋਂ ਦੇ ਹਾਕੀ ਖਿਡਾਰੀਆਂ ਦੀ ਬਦੌਲਤ ਸ਼ਾਹਬਾਦ ਦਾ ਨਾਂ ਪੂਰੇ ਸੰਸਾਰ ਵਿਚ ਜਾਣਿਆ ਜਾਂਦਾ ਹੈ। ਡਾ ਗਿੱਲ ਨੇ ਨਵੇਂ ਖਿਡਾਰੀਆਂ ਨੂੰ ਕਿਹਾ ਕਿ ਉਹ ਸੀਨੀਅਰ ਖਿਡਾਰੀਆਂ ਦੇ ਸੰਘਰਸ਼ ਨੂੰ ਆਦਰਸ਼ ਬਣਾ ਕੇ ਅੱਗੇ ਵਧਣ ਤੇ ਟੀਚੇ ਨੂੰ ਹਾਸਲ ਕਰਨ। ਉਨ੍ਹਾਂ ਨੇ ਕੋਚ ਅਮਨਦੀਪ ਸਿੰਘ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਲਗਨ ਤੇ ਮਿਹਨਤ ਨਾਲ ਖਿਡਾਰੀਆਂ ਨੂੰ ਤਿਆਰ ਕਰਨ। ਉਨ੍ਹਾਂ ਕਿਹਾ ਕਿ ਸਟੇਡੀਅਮ ਦੇ ਖਿਡਾਰੀਆਂ ਨੂੰ ਆਦੇਸ਼ ਹਸਪਤਾਲ ਵਲੋਂ ਮੁਫਤ ਚਿਕਿਤਸਾ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਕੋਚ ਅਮਨਦੀਪ ਸਿੰਘ ਵਲੋਂ ਡਾ. ਗਿੱਲ ਨੂੰ ਯਾਦਗਾਰੀ ਚਿੰਨ੍ਹ ਦੇ ਰੂਪ ਵਿਚ ਹਾਕੀ ਸਟਿਕ ਭੇਟ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਹਰੀ ਓਮ ਗੁਪਤਾ, ਕੋਚ ਨੇਹਾ ਤੇ ਕੋਚ ਗੁਰਪ੍ਰੀਤ ਸਿੰਘ ਮੌਜੂਦ ਸਨ।