ਟੋਕੀਓ, 31 ਜੁਲਾਈ
ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕ ’ਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਲੀਫਿਕੇਸ਼ਨ ਦੌਰ ’ਚ ਦੂਜੀ ਥਾਵੇਂ ਰਹਿ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਜਦਕਿ ਤਜਰਬੇਕਾਰ ਸੀਮਾ ਪੂਨੀਆ ਕੁਆਲੀਫਾਈ ਨਹੀਂ ਕਰ ਸਕੀ।
ਕਮਲਪ੍ਰੀਤ ਕੌਰ ਨੇ ਤੀਜੀ ਕੋਸ਼ਿਸ਼ ’ਚ 64 ਮੀਟਰ ਦੂੁਰ ਡਿਸਕਸ ਸੁੱਟੀ, ਜੋ ਕਿ ਕੁਆਲੀਫਿਕੇਸ਼ਨ ਮਾਰਕ ਵੀ ਸੀ। ਕੁਆਲੀਫਿਕੇਸ਼ਨ ਵਿੱਚ ਸਿਖਰ ’ਤੇ ਰਹਿਣ ਵਾਲੀ ਅਮਰੀਕਾ ਦੀ ਵੇਲੇਰੀ ਆਲਮੈਨ ਤੋਂ ਇਲਾਵਾ ਉਹ 64 ਮੀਟਰ ਜਾਂ ਇਸ ਤੋਂ ਵੱਧ ਦੂਰੀ ਤੱਕ ਡਿਸਕਸ ਸੁੱਟਣ ਵਾਲੀ ਇਕਲੌਤੀ ਖਿਡਾਰਨ ਰਹੀ। ਫਾਈਨਲ ਮੁਕਾਬਲਾ 2 ਅਗਸਤ ਨੂੰ ਹੋਵੇਗਾ। ਕਮਲਪ੍ਰੀਤ ਕੌਰ ਮੌਜੂਦਾ ਚੈਂਪੀਅਨ ਕ੍ਰੋਏਸ਼ੀਆ ਦੀ ਸੈਂਡਰਾ ਪੇਰਕੋਵਿਚ (63.75 ਮੀਟਰ) ਅਤੇ ਵਿਸ਼ਵ ਚੈਂਪੀਅਨ ਕਿਊਬਾ ਦੀ ਯੇਮ ਪੇਰੇਜ਼ (63.18 ਮੀਟਰ) ਤੋਂ ਮੋਹਰੀ ਰਹੀ।
ਪੂਲ-ਬੀ ਵਿੱਚ ਕਮਲਪ੍ਰੀਤ ਕੌਰ ਨੇ ਪਹਿਲੀ ਕੋਸ਼ਿਸ਼ ’ਚ 60.29 ਮੀਟਰ ਜਦਕਿ ਦੂਜੀ ਤੇ ਤੀਜੀ ’ਚ ਕ੍ਰਮਵਾਰ 63.97 ਮੀਟਰ ਅਤੇ 64 ਮੀਟਰ ਡਿਸਕਸ ਸੁੱਟੀ। ਸ਼ਾਨਦਾਰ ਲੈਅ ’ਚ ਚੱਲ ਰਹੀ ਪੰਜਾਬ ਨਾਲ ਸਬੰਧਤ ਕਮਲਪ੍ਰੀਤ ਨੇ ਇਸ ਸਾਲ ਦੋ ਵਾਰ 65 ਮੀਟਰ ਤੋਂ ਵੱਧ ਡਿਸਕਸ ਸੁੱਟੀ ਹੈ। ਉਸ ਨੇ ਮਾਰਚ ਮਹੀਨੇ ਫੈਡਰੇਸ਼ਨ ਕੱਪ ’ਚ 65.06 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਤੋੜਿਆ ਸੀ। ਉਹ 65 ਮੀਟਰ ਤੋਂ ਵੱਧ ਦੂਰੀ ਤੱਕ ਡਿਸਕਸ ਸੁੱਟਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸ ਮਗਰੋਂ ਜੂਨ ਮਹੀਨੇ ਇੰਡੀਅਨ ਗਰੈਂਡ ਪ੍ਰਿਕਸ-4 ’ਚ ਆਪਣਾ ਹੀ ਰਿਕਾਰਡ ਬਿਹਤਰ ਕਰਦਿਆਂ ਉਸ ਨੇ 66.59 ਮੀਟਰ ਡਿਸਕਸ ਸੁੱਟੀ ਸੀ। ਕਮਲਪ੍ਰੀਤ ਕੌਰ ਪੰਜਾਬ ’ਚ ਮਲੋਟ-ਅਬੋਹਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਕਬਰਵਾਲਾ, ਜ਼ਿਲ੍ਹਾ ਮੁਕਤਸਰ ਦੀ ਰਹਿਣ ਵਾਲੀ ਹੈ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਹੈ। -ਪੀਟੀਆਈ
ਆਰਥਿਕ ਮੁਸ਼ਕਲਾਂ ਕਰਕੇ ਕਮਲਪ੍ਰੀਤ ਨੇ ਅਥਲੈਟਿਕਸ ’ਚ ਆਉਣ ਤੋਂ ਕੀਤੀ ਸੀ ਨਾਂਹ
ਪਰਿਵਾਰ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਤੇ ਆਪਣੀ ਮਾਂ ਦੇ ਵਿਰੋਧ ਕਰਕੇ ਕਮਲਪ੍ਰੀਤ ਨੇ ਸ਼ੁਰੂਆਤ ਵਿੱਚ ਅਥਲੈਟਿਕਸ ਵਿੱਚ ਆਉਣ ਤੋਂ ਨਾਂਹ ਕਰ ਦਿੱਤੀ ਸੀ, ਪਰ ਫਿਰ ਕਿਸਾਨ ਪਿਤਾ ਕੁਲਦੀਪ ਸਿੰਘ ਦੇ ਸਹਿਯੋਗ ਨਾਲ ਉਸ ਨੇ ਅਥਲੈਟਿਕਸ ਵਿੱਚ ਖੇਡਣਾ ਸ਼ੁਰੂ ਕੀਤਾ। ਸ਼ੁਰੂਆਤ ਗੋਲਾ ਸੁੱਟਣ ਨਾਲ ਕੀਤੀ, ਪਰ ਫਿਰ ਪਿੰਡ ਬਾਦਲ ਵਿਚਲੇ ਸਾਈ ਕੇਂਦਰ ਨਾਲ ਜੁੜਨ ਮਗਰੋਂ ਡਿਸਕਸ ਥ੍ਰੋਅ ’ਚ ਹੱਥ ਅਜ਼ਮਾਇਆ। ਕਮਲਪ੍ਰੀਤ 2014 ਵਿਚ ਜੂਨੀਅਰ ਚੈਂਪੀਅਨ ਬਣੀ ਤੇ 2016 ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ। ਫਿਰ ਅਗਲੇ ਤਿੰਨ ਸਾਲ ਸੀਨੀਅਰ ਕੌਮੀ ਖਿਤਾਬ ਜਿੱਤਦੀ ਰਹੀ। ਐੱਨਆਈਐੱਸ ਪਟਿਆਲਾ ਆਉਣ ਮਗਰੋਂ ਉਹ ਸੁਰਖੀਆਂ ’ਚ ਆਈ।
ਸੀਮਾ ਪੂਨੀਆ ਕੁਆਲੀਫਾਈਂਗ ਗੇੜ ’ਚੋਂ ਹੋਈ ਬਾਹਰ
ਦੂਜੇ ਪਾਸੇ ਪੂਲ-ਏ ਵਿੱਚ ਸੀਮਾ ਪੂਨੀਆ 60.57 ਮੀਟਰ ਥ੍ਰੋਅ ਨਾਲ ਛੇਵੇਂ ਅਤੇ ਕੁੱਲ 16ਵੇਂ ਸਥਾਨ ’ਤੇ ਰਹੀ। ਆਖਰੀ ਮੌਕੇ ’ਤੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਸੀਮਾ ਆਪਣਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਵੀ ਨਾ ਦੁਹਰਾ ਸਕੀ। ਸੀਮਾ ਨੇ ਪਹਿਲੀ ਕੋਸ਼ਿਸ਼ ਫਾਊਲ ਹੋਣ ਮਗਰੋਂ ਦੂਜੇ ਯਤਨ ’ਚ 60.57 ਮੀਟਰ ਅਤੇ ਤੀਜੇ ’ਚ 58.93 ਮੀਟਰ ਥ੍ਰੋਅ ਕੀਤੀ।