ਪੱਤਰ ਪ੍ਰੇਰਕ
ਬਨੂੜ, 7 ਨਵੰਬਰ
ਪਿੰਡ ਸੇਖਨਮਾਜਰਾ ਦਾ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰਾਏ ਗਏ ਪਹਿਲੇ ਕਬੱਡੀ ਕੱਪ ਵਿੱਚ ਧਨਾਸ ਨੇ ਸੈਂਪਲੀ ਸਾਹਿਬ ਨੂੰ ਹਰਾ ਕੇ 41 ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ। ਉੱਪ ਜੇਤੂ ਟੀਮ ਨੂੰ 31 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਭੇਲੂ ਬਰਸਾਲਪੁਰ ਨੇ ਬਿਹਤਰੀਨ ਜਾਫ਼ੀ ਦਾ ਖਿਤਾਬ ਹਾਸਲ ਕਰ ਕੇ ਗਿਆਰਾਂ ਹਜ਼ਾਰ ਦੀ ਰਾਸ਼ੀ ਜਿੱਤੀ। ਰਿੰਕੂ ਧਨਾਸ ਅਤੇ ਅਮਨਾ ਕਕਰਾਲੀ ਨੂੰ ਬਿਹਤਰੀਨ ਧਾਵੀ ਦਾ ਇਨਾਮ ਦਿੱਤਾ ਗਿਆ।
ਕੁਲਦੀਪ ਸਿੰਘ ਅੰਟਾਲ, ਸਤਨਾਮ ਸਿੰਘ ਅੰਟਾਲ, ਦਲਜੀਤ ਸਿੰਘ ਖਾੜਕੂ, ਗੁਰਜੰਟ ਸਿੰਘ ਆਦਿ ਦੀ ਅਗਵਾਈ ਹੇਠ ਹੋਏ ਕਬੱਡੀ ਕੱਪ ਵਿੱਚ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਗਰੂਪ ਸਿੰਘ ਢੋਲ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਅੰਡਰ-21 ਕਬੱਡੀ ਮੁਕਾਬਲੇ ਵਿੱਚ ਪੋਜੇਵਾਲ ਫਸਟ, ਹੈੱਡੋਂ ਸੈਕਿੰਡ, ਕਬੱਡੀ 65 ਕਿਲੋ ਵਿੱਚ ਸੇਖਨਮਾਜਰਾ-ਚੋਈ ਸਾਹਿਬ ਫਸਟ ਅਤੇ ਹੈੱਡੋਂ ਸੈਕਿੰਡ ਰਹੇ। ਇਸ ਮੌਕੇ ਜਸਮਨਪ੍ਰੀਤ ਸਿੰਘ, ਜੱਗੂ ਖੁੱਡਾ ਅਲੀਸ਼ੇਰ, ਦਲਜੀਤ ਸਿੰਘ ਖਾੜਕੂ ਦਾ ਸੋਨੇ ਦੀਆਂ ਮੁੰਦਰੀਆਂ ਨਾਲ ਅਤੇ ਕਰਨ ਸੇਖਨਮਾਜਰਾ ਦਾ ਗਿਆਰਾਂ ਹਜ਼ਾਰ ਨਕਦ ਤੇ ਪੰਜ ਕਿਲੋ ਬਾਦਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਸੋਹਾਣਾ ਦਾ ਕਬੱਡੀ ਕੱਪ ਭਲਕ ਤੋਂ
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ):
ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ 26ਵਾਂ ਕਬੱਡੀ ਕੱਪ 9, 10 ਅਤੇ 11 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਦਵਿੰਦਰ ਸਿੰਘ ਬੌਬੀ, ਪ੍ਰਧਾਨ ਦਿਨੇਸ਼ ਚੌਧਰੀ ਅਤੇ ਖਜ਼ਾਨਚੀ ਮਹਿੰਦਰ ਸੋਹਾਣਾ ਨੇ ਦੱਸਿਆ ਕਿ 9 ਨਵੰਬਰ ਨੂੰ 32, 37, 45 ਅਤੇ 85 ਕਿਲੋ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ 52, 57,62 ਕਿਲੋ ਭਾਰ ਵਰਗ ਦੀ ਕਬੱਡੀ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ। 11 ਨਵੰਬਰ ਨੂੰ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਦੇ ਮੁਕਾਬਲੇ ਹੋਣਗੇ। ਜੇਤੂ ਟੀਮ ਨੂੰ 71 ਹਜ਼ਾਰ ਦਾ ਪਹਿਲਾ ਅਤੇ 51 ਹਜ਼ਾਰ ਦਾ ਦੂਜਾ ਇਨਾਮ ਦਿੱਤਾ ਜਾਵੇਗਾ।